ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕਰਕੇ ਹਲਕਾ ਸਮਾਣਾ 'ਚ ਨਾਜਾਇਜ਼ ਮਾਈਨਿੰਗ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਂ ਲਏ ਕੁਝ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਐਕਸ 'ਤੇ ਆਪਣੇ ਹੈਂਡਲ ਤੋਂ ਟਵੀਟ ਕੀਤਾ ਹੈ।
ਸਿੱਧੂ ਨੇ ਲਿਖਿਆ ਹੈ ਕਿ- ਹਲਕਾ ਸਮਾਣਾ ਕਿਸ ਵਿਧਾਇਕ ਦਾ ਇਲਾਕਾ ਹੈ? ਪਿੰਡ ਘੰਗਰੋਲੀ -'ਚ ਦਿਨ ਦਿਹਾੜੇ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ... 20 ਫੁੱਟ ਦੀ ਡੂੰਘਾਈ ਤੱਕ ਚਲੇ ਗਏ ਹਨ - ਦੇਸ਼ ਦੇ ਕਾਨੂੰਨ ਦੀ ਖੁੱਲੀ ਨਿਖੇਧੀ... ਕਿਸ ਦਾ ਸਗਾ ਭਰਾ ਹਾਲ ਹੀ ਵਿੱਚ ਨਵੇਂ ਟਿੱਪਰ ਲੈ ਕੇ ਆਇਆ ਹੈ... "ਯੇ ਜੋ ਪਬਲਿਕ ਹੈ ਸਬ ਜਾਣਦੀ ਹੈ।
ਸਿੱਧੂ ਵੱਲੋਂ ਜਾਰੀ ਕੀਤੀ ਗਈ ਵੀਡੀਓ ਕਦੋਂ ਬਣਾਈ ਗਈ ਇਹ ਨਹੀਂ ਦੱਸਿਆ ਗਿਆ
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਮਾਣਯੋਗ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਸਿੱਧੂ ਨੇ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਨੈਸ਼ਨਲ ਗ੍ਰੀਨ ਟ੍ਰਿਬਿਊਨ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਜਿਸ 'ਤੇ ਸੁਣਵਾਈ ਕਰਦਿਆਂ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ 'ਤੇ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਰੂਪਨਗਰ ਵਿੱਚ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਿਰਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ।
ਸਬੰਧਤ ਜ਼ਿਲ੍ਹਾ ਮੈਜਿਸਟਰੇਟ ਅਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੀ ਪਟੀਸ਼ਨ ਵਿੱਚ ਕਿਹਾ ਗਿਆ ਹੈ, "ਭ੍ਰਿਸ਼ਟ ਅਤੇ ਸਮਝੌਤਾ ਕਰਨ ਵਾਲੀ ਸਰਕਾਰ ਦੀ ਪਹਿਰੇ ਹੇਠ ਪੰਜਾਬ ਦੇ ਦਰਿਆਵਾਂ ਅਤੇ ਵਾਤਾਵਰਣ ਨੂੰ ਤਬਾਹ ਕੀਤਾ ਜਾ ਰਿਹਾ ਹੈ। ਪਟੀਸ਼ਨ ਵਿੱਚ ਸਰਕਾਰ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਅਯੋਗਤਾ ਲਈ ਜਵਾਬਦੇਹ ਠਹਿਰਾਉਣ ਅਤੇ ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਮਜਬੂਰ ਕਰਨ ਦੀ ਮੰਗ ਕੀਤੀ ਗਈ ਹੈ।"
ਕੁਝ ਦਿਨ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੋਸ਼ ਲਾਇਆ ਸੀ ਕਿ ਪੰਜਾਬ ਵਿੱਚ ਮੰਤਰੀਆਂ ਦੀ ਸ਼ਹਿ ਹੇਠ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਸਿੱਧੂ ਨੇ ਕਿਹਾ ਸੀ ਕਿ 'ਰੋਪੜ ਤੋਂ ਇਲਾਵਾ ਮੋਗਾ ਅਤੇ ਪਠਾਨਕੋਟ ਤੋਂ ਵੀ ਇਹ ਮਾਮਲਾ ਸਾਹਮਣੇ ਆਇਆ ਹੈ ਅਤੇ ਲੋਕਾਂ ਨੇ ਚਸ਼ਮਦੀਦ ਗਵਾਹਾਂ ਵਜੋਂ ਗਵਾਹੀ ਦਿੱਤੀ ਹੈ।' ਸਿੱਧੂ ਨੇ ਕਿਹਾ ਸੀ ਕਿ ਰਾਜ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਆਮ ਆਦਮੀ ਪਾਰਟੀ ਨੇ "20,000 ਕਰੋੜ ਰੁਪਏ ਦੀ ਆਮਦਨੀ ਪੈਦਾ ਕਰਨ ਦੀ ਗਰੰਟੀ ਦਿੱਤੀ ਸੀ।
ਸਿੱਧੂ ਨੇ ਕਿਹਾ ਸੀ ਕਿ ਰੇਤ ਖਨਨ ਦਾ ਮੁੱਦਾ ਦੋ ਧਾਰੀ ਤਲਵਾਰ ਹੈ ਜੋ ਨਾ ਸਿਰਫ ਸਾਡੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਸਗੋਂ ਪੰਜਾਬ ਦੀ ਆਰਥਿਕਤਾ ਨੂੰ ਵੀ ਲੀਹੋਂ ਲਾਉਂਦਾ ਹੈ। “ਸਾਡੇ ਗੁਰੂਆਂ ਨੇ ਸਾਨੂੰ ਆਪਣੀ ਹਵਾ, ਪਾਣੀ ਅਤੇ ਮਿੱਟੀ ਦੀ ਰੱਖਿਆ ਕਰਨੀ ਸਿਖਾਈ ਹੈ। ਉਨ੍ਹਾਂ ਨੇ ਕਿਹਾ “ਗੈਰ-ਕਾਨੂੰਨੀ ਮਾਈਨਿੰਗ ਦਾ ਇੱਕੋ ਇੱਕ ਕਾਰਨ ਪੈਸੇ ਦਾ ਲਾਲਚ ਹੈ।