ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਵਕੀਲਾਂ ਅਤੇ ਪੁਲਸ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਐਡਵੋਕੇਟ ਮਾਨਵ ਆਨੰਦ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਵਾਪਸ ਅੰਮ੍ਰਿਤਸਰ ਆ ਰਿਹਾ ਸੀ। ਜਦੋਂ 5 ਵਜੇ ਗੋਲਡਨ ਗੇਟ ਪਹੁੰਚੇ ਤਾਂ ਕਰੀਬ 6 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਸੀ। ਸਾਰੇ ਵਾਹਨ ਰਾਂਗ ਸਾਈਡ ਤੋਂ ਜਾ ਰਹੇ ਸਨ। ਇਸ ਤੋਂ ਬਾਅਦ ਉਹ ਵੀ ਆਪਣੀ ਕਾਰ ਰਾਹੀਂ ਰਾਂਗ ਸਾਈਡ ਵੱਲ ਜਾਣ ਲੱਗੇ ਪਰ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ ਅਤੇ ਗਾਲੀ-ਗਲੋਚ ਕਰਨ ਲੱਗ ਪਏ ਅਤੇ ਉਸ ਨਾਲ ਧੱਕਾ-ਮੁੱਕੀ ਵੀ ਹੋਈ।
ਵਕੀਲਾਂ ਨੇ ਕਚਹਿਰੀ ਚੌਕ ਲਗਾਇਆ ਧਰਨਾ
ਇਹ ਮਾਮਲਾ ਮੰਗਲਵਾਰ (3 ਸਤੰਬਰ) ਦਾ ਹੈ। ਟ੍ਰੈਫਿਕ ਜਾਮ ਕਾਰਨ ਰਾਂਗ ਸਾਈਡ 'ਤੇ ਜਾ ਰਹੇ ਵਕੀਲ ਨਾਲ ਦੋ ਪੁਲਸ ਮੁਲਾਜ਼ਮਾਂ ਦੀ ਝੜਪ ਹੋ ਗਈ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਬਦਸਲੂਕੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਕਚਹਿਰੀ ਚੌਕ ਵਿਖੇ ਪੁਲਸ ਖ਼ਿਲਾਫ਼ ਵਕੀਲਾਂ ਦਾ ਧਰਨਾ ਸ਼ੁਰੂ ਹੋ ਗਿਆ। ਵਕੀਲਾਂ ਨੇ ਕਿਹਾ ਕਿ ਅਜਿਹੇ ਦੁਰਵਿਵਹਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹਾਈ ਕੋਰਟ ਤੋਂ ਵਾਪਸ ਆ ਰਹੇ ਸਨ
ਮਾਨਵ ਆਨੰਦ ਨੇ ਕਿਹਾ ਕਿ ਜੇਕਰ ਕਿਸੇ ਵਕੀਲ ਨਾਲ ਅਜਿਹਾ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ ਹੈ ਅਤੇ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ।
ਇੰਸਪੈਕਟਰ ਸਮੇਤ 2 ਮੁਲਾਜ਼ਮ ਲਾਈਨਹਾਜ਼ਰ
ਵਕੀਲਾਂ ਵੱਲੋਂ ਦਿੱਤੇ ਧਰਨੇ ਸਬੰਧੀ ਏਡੀਸੀਪੀ ਟਰੈਫਿਕ ਹਰਪਾਲ ਸਿੰਘ ਰੰਧਾਵਾ ਨੂੰ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਵਕੀਲਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਕਰੀਬ 9 ਵਜੇ ਧਰਨਾ ਸਮਾਪਤ ਹੋਇਆ। ਏਡੀਸੀਪੀ ਰੰਧਾਵਾ ਨੇ ਇਸ ਮਾਮਲੇ ਵਿੱਚ ਇੰਸਪੈਕਟਰ ਸਮੇਤ 2 ਪੁਲਸ ਮੁਲਾਜ਼ਮਾਂ ਨੂੰ ਲਾਈਨਹਾਜ਼ਰ ਕਰ ਦਿੱਤਾ ਹੈ।