ਪੰਜਾਬ-ਹਰਿਆਣਾ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ ਪਰ ਪੰਜਾਬ-ਚੰਡੀਗੜ੍ਹ 'ਚ ਇਸ ਦਾ ਅਸਰ ਘੱਟ ਹੋਵੇਗਾ। ਇਸ ਦੇ ਨਾਲ ਹੀ ਆਉਣ ਵਾਲੇ ਹਫਤੇ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ 'ਚ ਠੰਡ ਵਧੇਗੀ।
ਮੌਸਮ ਵਿਭਾਗ ਅਨੁਸਾਰ ਧੁੰਦ ਕਾਰਨ ਗੁਰਦਾਸਪੁਰ, ਅੰਮ੍ਰਿਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਯੈਲੋ ਅਲਰਟ 'ਤੇ ਹਨ। ਪੰਜਾਬ-ਚੰਡੀਗੜ੍ਹ 'ਚ ਰਾਤ ਨੂੰ ਠੰਡ ਹੋਰ ਵਧ ਗਈ ਹੈ।
ਹਰਿਆਣਾ 'ਚ ਠੰਡ ਨੇ ਫੜਿਆ ਜ਼ੋਰ
ਹਰਿਆਣਾ 'ਚ ਠੰਡ ਲਗਾਤਾਰ ਵਧ ਰਹੀ ਹੈ। ਪਹਾੜਾਂ 'ਤੇ ਬਰਫਬਾਰੀ ਅਤੇ ਉੱਤਰ-ਪੱਛਮੀ ਹਵਾਵਾਂ ਕਾਰਨ ਮੈਦਾਨੀ ਇਲਾਕੇ ਠੰਡੇ ਹੋ ਰਹੇ ਹਨ। ਹਿਸਾਰ 'ਚ ਲਗਾਤਾਰ ਠੰਡ ਪੈ ਰਹੀ ਹੈ। ਇੱਥੇ ਬਾਲਸਮੰਦ ਦਾ ਤਾਪਮਾਨ 7.4 ਡਿਗਰੀ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਹਰਿਆਣਾ ਵਿੱਚ ਪ੍ਰਦੂਸ਼ਣ ਦੀ ਸਥਿਤੀ ਵੀ ਚੰਗੀ ਨਹੀਂ ਹੈ।
ਸੰਘਣੀ ਧੁੰਦ ਦਾ ਅਲਰਟ
ਦੇਸ਼ ਦੇ ਉੱਤਰੀ ਰਾਜਾਂ ਦੇ ਨਾਲ-ਨਾਲ ਮੱਧ ਭਾਰਤ ਦੇ ਰਾਜਾਂ ਵਿੱਚ ਵੀ ਠੰਡ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ 8 ਸੂਬਿਆਂ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਉੜੀਸਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ।