ਹਿਮਾਚਲ ਤੋਂ ਪੰਜਾਬੀ ਸੈਲਾਨੀਆਂ 'ਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਜਲੰਧਰ ਦੇ ਫਿਲੌਰ ਤੋਂ ਮਨੀਕਰਨ ਸਾਹਿਬ ਗਏ ਕੌਂਸਲਰ ਦੇ ਪਤੀ ਲਖਵਿੰਦਰ ਸਿੰਘ ਲੱਖੂ ਅਤੇ ਉਸ ਦੇ ਚਾਰ ਰਿਸ਼ਤੇਦਾਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਸਵੇਰੇ-ਸਵੇਰੇ ਦਰਜਨਾਂ ਲੋਕਾਂ ਨੇ ਕੀਤਾ ਹਮਲਾ
ਪੀੜਤ ਲੱਖੂ ਨੇ ਦੱਸਿਆ ਕਿ ਅੱਜ ਤੜਕੇ ਮਨੀਕਰਨ ਸਾਹਿਬ ਨੇੜੇ ਉਸ ਦੀ ਕਾਰ ਖਰਾਬ ਹੋ ਗਈ ਅਤੇ ਉਹ ਰਸਤੇ ਵਿੱਚ ਹੀ ਰੁਕ ਗਿਆ। ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਲੋਕ ਆਏ ਤੇ ਉਨਾਂ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਕਾਰ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ | ਇਸ ਵਿੱਚ ਔਰਤਾਂ ਵੀ ਸ਼ਾਮਲ ਸਨ।
ਹਮਲੇ 'ਚ ਬਾਂਹ ਦੋ ਹਿੱਸਿਆਂ ਤੋਂ ਟੁੱਟੀ
ਪੀੜਤ ਨੇ ਅੱਗੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦੇ ਕਾਫੀ ਸੱਟਾਂ ਲੱਗੀਆਂ ਹਨ। ਉਸ ਦੀ ਬਾਂਹ ਦੋ ਹਿੱਸਿਆਂ ਵਿਚ ਟੁੱਟ ਗਈ ਅਤੇ ਉਸ ਦੇ ਇਕ ਇੱਕ ਸਾਥੀ ਦੇ ਸਿਰ ਅਤੇ ਮੋਢੇ 'ਤੇ ਦਾਤ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਅਸੀਂ ਸਾਰਿਆਂ ਨੇ ਖੱਡ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ।
ਪੁਲਿਸ 'ਤੇ ਲਗਾਏ ਦੋਸ਼
ਪੀੜਤ ਨੇ ਦੱਸਿਆ ਕਿ ਢਾਬਾ ਮਾਲਕ ਕਾਰਨ ਸਾਡੀ ਜਾਨ ਬਚ ਗਈ। ਕਿਉਂਕਿ ਉਸ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਸੀ। ਮਦਦ ਲਈ ਆਏ ਪੁਲਿਸ ਮੁਲਾਜ਼ਮਾਂ ਨੇ ਵੀ ਸਾਨੂੰ ਧਮਕੀਆਂ ਦਿੱਤੀਆਂ ਅਤੇ ਕੋਈ ਕਾਰਵਾਈ ਨਾ ਕਰਨ ਲਈ ਕਿਹਾ। ਪੁਲਿਸ ਨੇ ਲਿਖਤੀ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਅਤੇ ਕੇਸ ਵਾਪਸ ਲੈਣ ਲਈ ਕਹਿ ਕੇ ਸਾਡੇ ਤੋਂ ਪੈਸੇ ਵੀ ਵਸੂਲ ਕੀਤੇ। ਜਿਸ ਤੋਂ ਬਾਅਦ ਅਸੀਂ 8500 ਰੁਪਏ ਖਰਚ ਕਰਕੇ ਕਾਰ ਨੂੰ ਤਲਾਸ਼ਦੇ ਹੋਏ ਆਪਣੇ ਘਰ ਪਹੁੰਚੇ। ਕਾਰ ਵਿੱਚ ਰੱਖੇ 20 ਹਜ਼ਾਰ ਰੁਪਏ ਵੀ ਗਾਇਬ ਸਨ।