ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਮਾਰਲੇਨਾ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਅਤੇ ਪੰਜਾਬ ਵਿੱਚ ਹੋਣ ਵਾਲੇ ਹਰ ਕੰਮ ਤੋਂ ਡਰਦੇ ਹਨ। ਕੋਈ ਬਿਜਲੀ ਤੋਂ ਡਰਦਾ, ਕੋਈ ਚੰਗੇ ਸਕੂਲਾਂ ਤੋਂ ਡਰਦਾ, ਕੋਈ ਮੁਹੱਲਾ ਕਲੀਨਿਕ ਤੋਂ ਡਰਦਾ। ਇਸੇ ਲਈ ਭਾਜਪਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹ ਵਿੱਚ ਡੱਕਣਾ ਚਾਹੁੰਦੀ ਹੈ।
ਝੂਠਾ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾ ਸਕਦੈ
ਉਨ੍ਹਾਂ ਕਿਹਾ ਕਿ ਇਸੇ ਸਾਜ਼ਿਸ਼ ਤਹਿਤ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਨੂੰ ਤਲਬ ਕੀਤਾ ਹੈ। ਉਸ ਖਿਲਾਫ ਝੂਠਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਨਹੀਂ ਡਰਦੇ, ਅਸੀਂ ਜੇਲ੍ਹ ਜਾਣ ਤੋਂ ਨਹੀਂ ਡਰਦੇ। ਅਸੀਂ ਉਨ੍ਹਾਂ ਦੇ ਝੂਠੇ ਕੇਸ ਤੋਂ ਨਹੀਂ ਡਰਦੇ, ਅਸੀਂ ਦੇਸ਼ ਦੇ ਲੋਕਾਂ ਲਈ, ਦੇਸ਼ ਦੇ ਹਰ ਆਮ ਆਦਮੀ ਲਈ ਕੰਮ ਕਰਦੇ ਰਹਾਂਗੇ।
ਕੇਜਰੀਵਾਲ ਤੋਂ ਬਾਅਦ ਕਈ ਨੇਤਾਵਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ
ਆਤਿਸ਼ੀ ਨੇ ਅੱਗੇ ਕਿਹਾ ਕਿ ਕੇਜਰੀਵਾਲ ਤੋਂ ਬਾਅਦ I.N.D.I.A ਗਠਜੋੜ ਦੇ ਹੋਰ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਹਨ। ਇਸ ਤੋਂ ਬਾਅਦ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ, ਕੇਰਲ ਦੇ ਸੀਐਮ ਪਿਨਾਰਾਈ ਵਿਜਯਨ ਅਤੇ ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਕਤਾਰ ਵਿੱਚ ਹਨ।
ਈ.ਡੀ ਨੇ ਕੱਲ੍ਹ ਭੇਜਿਆ ਸੀ ਸੰਮਨ
ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਈ ਡੀ ਨੇ 30 ਅਕਤੂਬਰ ਨੂੰ ਪਹਿਲਾ ਸੰਮਨ ਭੇਜਿਆ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਅਪ੍ਰੈਲ ਵਿੱਚ ਕੇਜਰੀਵਾਲ ਤੋਂ ਕਰੀਬ 9.5 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਸੀਬੀਆਈ ਨੇ ਉਸ ਤੋਂ 56 ਸਵਾਲ ਪੁੱਛੇ ਸਨ। ਕੇਜਰੀਵਾਲ ਨੇ ਪੁੱਛਗਿੱਛ ਤੋਂ ਬਾਅਦ ਕਿਹਾ ਸੀ-ਮੈਂ ਸੀਬੀਆਈ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਸਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ।