ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 8 ਅਗਸਤ ਤੱਕ ਵਧਾ ਦਿੱਤੀ ਹੈ। ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਬੀਆਰਐਸ ਨੇਤਾ ਕੇ ਕਵਿਤਾ ਦੀ ਨਿਆਂਇਕ ਹਿਰਾਸਤ ਵੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ।
ਸੀ.ਬੀ.ਆਈ ਨੇ 26 ਜੂਨ ਨੂੰ ਕੀਤਾ ਸੀ ਗ੍ਰਿਫ਼ਤਾਰ
ਦੱਸ ਦੇਈਏ ਕਿ ਸੀਬੀਆਈ ਨੇ 26 ਜੂਨ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। ਵੀਰਵਾਰ 25 ਜੁਲਾਈ ਨੂੰ ਕੇਜਰੀਵਾਲ ਦੀ ਹਿਰਾਸਤ ਖਤਮ ਹੋ ਰਹੀ ਸੀ। ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ‘ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ’ ਹੋਣ ਦਾ ਦੋਸ਼ ਲਾਇਆ ਹੈ।
ਗੋਆ ਰਾਜ ਨੂੰ 44.45 ਕਰੋੜ ਰੁਪਏ ਕੀਤੇ ਗਏ ਟਰਾਂਸਫਰ
ਇਸ ਤੋਂ ਇਲਾਵਾ ਸੀਬੀਆਈ ਨੇ ਦੋਸ਼ ਲਾਇਆ ਸੀ ਕਿ ਜੂਨ 2021 ਤੋਂ ਜਨਵਰੀ 2022 ਤੱਕ ਹਵਾਲਾ ਚੈਨਲਾਂ ਰਾਹੀਂ ਗੋਆ ਰਾਜ ਵਿੱਚ 44.45 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਅਤੇ 'ਆਪ' ਦੀ ਵਿਧਾਨ ਸਭਾ ਚੋਣ ਮੁਹਿੰਮ ਵਿੱਚ ਵਰਤੇ ਗਏ। ਇਹ 'ਆਪ' ਦੁਆਰਾ ਪ੍ਰਾਪਤ 100 ਕਰੋੜ ਰੁਪਏ ਦੀ ਰਿਸ਼ਵਤ ਵਿੱਚੋਂ ਇੱਕ ਸੀ, ਜਿਵੇਂ ਕਿ ਪਿਛਲੀ ਸੀਬੀਆਈ ਚਾਰਜਸ਼ੀਟ ਵਿੱਚ ਜ਼ਿਕਰ ਕੀਤਾ ਗਿਆ ਸੀ।
ਨਵੀਂ ਆਬਕਾਰੀ ਨੀਤੀ ਕੀ ਸੀ?
ਦਰਅਸਲ, ਇਹ ਉਹੀ ਨੀਤੀ ਸੀ, ਜਿਸ ਦੇ ਲਾਗੂ ਹੁੰਦੇ ਹੀ ਦਿੱਲੀ ਵਿੱਚ ਸ਼ਰਾਬ-ਬੀਅਰ 'ਤੇ ਆਫਰ ਦਾ ਦੌਰ ਸ਼ੁਰੂ ਹੋ ਗਿਆ ਸੀ। ਨਵੀਂ ਆਬਕਾਰੀ ਨੀਤੀ ਕਾਰਨ ਦਿੱਲੀ ਦੇ ਕਈ ਸ਼ਰਾਬ ਸਟੋਰਾਂ ਨੂੰ ਇਕ ਬੋਤਲ ਦੀ ਖਰੀਦ 'ਤੇ ਦੂਜੀ ਬੋਤਲ ਮੁਫਤ ਮਿਲ ਰਹੀ ਸੀ। ਕੁਝ ਥਾਵਾਂ 'ਤੇ ਇੱਕ ਪੇਟੀ ਖਰੀਦਣ 'ਤੇ ਦੂਜੀ ਪੇਟੀ ਮੁਫਤ ਮਿਲ ਰਹੀ ਸੀ।
ਇਸ ਪੇਸ਼ਕਸ਼ ਕਾਰਨ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ। ਸ਼ਰਾਬ ਦੀਆਂ ਦੁਕਾਨਾਂ 'ਤੇ ਭੀੜ ਇੰਨੀ ਵੱਧ ਗਈ ਕਿ ਕਈ ਥਾਵਾਂ 'ਤੇ ਪੁਲਿਸ ਦੀ ਮਦਦ ਲੈਣੀ ਪਈ। ਪਰ ਇਸਦੇ ਬਾਵਜੂਦ, ਇੱਕ ਬੋਤਲ ਖਰੀਦਣ 'ਤੇ, ਦੂਜੀ ਬੋਤਲ ਮੁਫਤ (ਬਾਏ ਵਨ ਗੇਟ ਵਨ ਫ਼੍ਰੀ ) ਮਿਲਦੀ ਰਹੀ ।