ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਚੱਲ ਰਹੀਆਂ ਹਨ। ਪਾਰਟੀ ਆਗੂਆਂ ਦੀ ਦਲ-ਬਦਲੀ ਰੁਕਣ ਦਾ ਨਾਂ ਨਹੀਂ ਲੈ ਰਹੀ। ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦ ਸਿੰਘ ਲਵਲੀ ਨੇ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪ ਨਾਲ ਗਠਜੋੜ ਨੂੰ ਲੈ ਕੇ ਨਾਰਾਜ਼ ਸਨ।
ਅਰਵਿੰਦ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਨੂੰ ਸਿਰਫ਼ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ। ਲਵਲੀ ਇਸ ਗੱਲ ਤੋਂ ਵੀ ਨਾਖੁਸ਼ ਸਨ ਕਿ ਇਨ੍ਹਾਂ ਤਿੰਨਾਂ ਵਿੱਚੋਂ ਦੋ ਸੀਟਾਂ ਬਾਹਰਲੇ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਹਨ।
ਅਰਵਿੰਦ ਸਿੰਘ ਲਵਲੀ 2013 ਤੋਂ 2015 ਤੱਕ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਹਨ। ਅਰਵਿੰਦਰ ਸਿੰਘ ਲਵਲੀ ਦਾ ਜਨਮ ਸਾਲ 1968 ਵਿੱਚ ਗਾਂਧੀਨਗਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਰਾਜਨੀਤੀ ਵਿੱਚ ਰੁਚੀ ਹੋਣ ਕਾਰਨ ਉਹ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਦੇ ਹੋਏ ਗੁਰੂ ਤੇਗ ਬਹਾਦਰ ਕਾਲਜ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ। ਕੁਝ ਸਾਲਾਂ ਬਾਅਦ, ਉਹ ਭੀਮ ਰਾਓ ਅੰਬੇਡਕਰ ਕਾਲਜ ਦੇ ਚੇਅਰਮੈਨ ਵੀ ਬਣੇ। ਸਾਲ 1990 ਵਿੱਚ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਦਾ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ। ਉਹ 1992 ਤੋਂ 1996 ਤੱਕ NSUI ਦੇ ਜਨਰਲ ਸਕੱਤਰ ਵੀ ਰਹੇ।
1998 ਵਿੱਚ ਪਹਿਲੀ ਵਾਰ ਬਣੇ ਵਿਧਾਇਕ
ਸਾਲ 1998 ਵਿੱਚ ਲਵਲੀ ਗਾਂਧੀਨਗਰ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਗਾਂਧੀਨਗਰ ਵਿੱਚ ਬੁਨਿਆਦੀ ਢਾਂਚਾ ਵਿਕਸਤ ਕੀਤਾ। ਅਰਵਿੰਦ ਸਿੰਘ ਲਵਲੀ ਨੇ ਪੂਰਬੀ ਦਿੱਲੀ ਨੂੰ ਇੱਕ ਬਹੁਤ ਹੀ ਵਿਕਸਤ ਤੇ ਖੁਸ਼ਹਾਲ ਇਲਾਕਾ ਬਣਾਇਆ ਹੈ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਗਾਂਧੀਨਗਰ ਵਿੱਚ ਪੂਰਬੀ ਦਿੱਲੀ ਦਾ ਪਹਿਲਾ ਮੈਟਰੋ ਸਟੇਸ਼ਨ ਖੋਲ੍ਹਿਆ।
ਉਨ੍ਹਾਂ ਨੇ 6 ਕਮਿਊਨਿਟੀ ਸੈਂਟਰ, 5 ਸਕੂਲ, 2 ਜ਼ਮੀਨਦੋਜ਼ ਪਾਣੀ ਦੀਆਂ ਟੈਂਕੀਆਂ ਤੇ 4 ਹਸਪਤਾਲ ਖੋਲ੍ਹੇ ਅਤੇ ਪੂਰੇ ਗਾਂਧੀਨਗਰ ਵਿੱਚ ਸੀਵਰ ਲਾਈਨ ਵਿਛਾਈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਗਾਂਧੀਨਗਰ ਖੇਤਰ ਵਿੱਚ 4 ਪੁਲਾਂ ਦਾ ਨਿਰਮਾਣ ਵੀ ਕਰਵਾਇਆ। ਅਰਵਿੰਦ ਸਿੰਘ ਲਵਲੀ 1998 ਤੋਂ 2013 ਤੱਕ ਲਗਾਤਾਰ ਵਿਧਾਇਕ ਰਹੇ। 2003 ਤੋਂ 2013 ਤੱਕ ਉਹ ਦਿੱਲੀ ਸਰਕਾਰ ਵਿੱਚ ਮੰਤਰੀ ਵੀ ਰਹੇ।