ਰਾਸ਼ਟਰੀ ਰਾਜਧਾਨੀ ਦਿੱਲੀ ਤੇ ਐਨਸੀਆਰ 'ਚ ਲਗਾਤਾਰ ਵੱਧ ਰਹੇ ਬੇਕਾਬੂ ਪ੍ਰਦੂਸ਼ਣ ਨੂੰ ਰੋਕਣ ਲਈ, ਵੀਰਵਾਰ ਨੂੰ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP-3) ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੇ 450 ਨੂੰ ਪਾਰ ਕਰਨ ਕਾਰਨ ਗੈਸ ਚੈਂਬਰ ਬਣ ਚੁੱਕੀ ਦਿੱਲੀ ਸਰਕਾਰ ਨੇ ਇਹ ਫੈਸਲਾ ਸਾਹ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧੇ ਕਾਰਨ ਲਿਆ ਹੈ, ਜੋ ਕਿ ਅਤੇ ਇਸ ਕਾਰਨ ਜਹਾਜ਼ਾਂ ਅਤੇ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਦੇਰੀ ਹੋ ਰਹੀ ਹੈ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਕਾਰਨ, ਅਗਲੇ ਹੁਕਮਾਂ ਤੱਕ ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਹੁਣ ਆਤਿਸ਼ੀ ਕੋਲ ਸਿੱਖਿਆ ਵਿਭਾਗ ਵੀ ਹੈ।
ਕਿਉਂ ਅਤੇ ਕਦੋਂ ਲਾਗੂ ਕੀਤਾ ਗਿਆ ਹੈ GRAP 3 ?
ਦੱਸ ਦੇਈਏ ਕਿ ਜੀਆਰਏਪੀ ਦੇ ਕੁੱਲ ਚਾਰ ਪੜਾਅ ਹਨ, ਜੋ ਦਰਮਿਆਨੇ ਤੋਂ ਗੰਭੀਰ ਪ੍ਰਦੂਸ਼ਣ ਦੇ ਪੱਧਰਾਂ ਦੇ ਅਨੁਸਾਰ ਵੱਧ ਰਹੇ ਸਖ਼ਤ ਉਪਾਅ ਲਾਗੂ ਕਰਦੇ ਹਨ। GRAP 3 (ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ - ਪੜਾਅ III) ਇੱਕ ਹਵਾ ਪ੍ਰਦੂਸ਼ਣ ਕੰਟਰੋਲ ਪ੍ਰੋਟੋਕੋਲ ਹੈ ਜੋ ਦਿੱਲੀ-ਐਨਸੀਆਰ ਖੇਤਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਗੰਭੀਰ ਗਿਰਾਵਟ ਦੇ ਦੌਰਾਨ ਲਾਗੂ ਕੀਤਾ ਗਿਆ ਹੈ।
ਪੜਾਅ III ਵਿੱਚ, ਹਵਾ ਗੁਣਵੱਤਾ ਸੂਚਕਾਂਕ (AQI) 'ਗੰਭੀਰ' ਸ਼੍ਰੇਣੀ (AQI 401-450) ਤੱਕ ਪਹੁੰਚਣ 'ਤੇ ਵਿਸ਼ੇਸ਼ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਇਹ ਪਾਬੰਦੀਆਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੁਆਰਾ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਲਗਾਈਆਂ ਗਈਆਂ ਹਨ।
GRAP 3 ਵਿੱਚ ਇਨ੍ਹਾਂ ਚੀਜ਼ਾਂ 'ਤੇ ਪਾਬੰਦੀ ਲਗਾਈ ਜਾਵੇਗੀ
ਉਸਾਰੀ ਅਤੇ ਢਾਹੁਣ 'ਤੇ ਪਾਬੰਦੀ: ਦਿੱਲੀ-ਐਨਸੀਆਰ ਵਿੱਚ 15 ਨਵੰਬਰ ਤੋਂ ਗੈਰ-ਜ਼ਰੂਰੀ ਉਸਾਰੀ ਅਤੇ ਢਾਹੁਣ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਸਿਹਤ, ਰਾਸ਼ਟਰੀ ਸੁਰੱਖਿਆ, ਮੈਟਰੋ, ਰੇਲਵੇ ਅਤੇ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਨਾਲ ਜੁੜੇ ਕੰਮ ਜਾਰੀ ਰਹਿਣਗੇ।
ਪੁਰਾਣੇ ਵਾਹਨਾਂ 'ਤੇ ਪਾਬੰਦੀਆਂ: BS-III ਪੈਟਰੋਲ ਅਤੇ BS-IV ਡੀਜ਼ਲ ਇੰਜਣਾਂ ਵਾਲੇ ਵਾਹਨ ਨਹੀਂ ਚਲਾ ਸਕੋਗੇ। ਜੇਕਰ ਅਜਿਹਾ ਕਰਦੇ ਹੋਏ ਫੜੇ ਗਏ ਤਾਂ ਤੁਹਾਨੂੰ ਜੁਰਮਾਨਾ ਅਤੇ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਦਯੋਗਿਕ ਗਤੀਵਿਧੀਆਂ 'ਤੇ ਨਿਯੰਤਰਣ: GRAP-3 ਦੇ ਲਾਗੂ ਹੋਣ ਤੋਂ ਬਾਅਦ, ਕੁਝ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਬੰਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦੋਂ ਕਿ ਜ਼ਰੂਰੀ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਹੈ।
ਕੂੜਾ ਸਾੜਨ 'ਤੇ ਪਾਬੰਦੀ: ਕੂੜਾ ਅਤੇ ਹੋਰ ਸਮੱਗਰੀ ਨੂੰ ਸਾੜਨ 'ਤੇ ਪਾਬੰਦੀ ਹੋਵੇਗੀ, ਤਾਂ ਜੋ ਧੂੰਏਂ ਕਾਰਨ ਫੈਲਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।
ਮਾਈਨਿੰਗ 'ਤੇ ਪਾਬੰਦੀ: ਜਦੋਂ GRAP-3 ਲਾਗੂ ਹੁੰਦਾ ਹੈ, ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਜਾਂਦੀ ਹੈ। ਨਾਲ ਹੀ ਮੁੱਖ ਸੜਕਾਂ 'ਤੇ ਰੋਜ਼ਾਨਾ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ।
ਲੋਕਾਂ ਨੂੰ ਹਦਾਇਤਾਂ: ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ਼ ਲੋੜ ਪੈਣ 'ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ, ਨਿੱਜੀ ਵਾਹਨਾਂ ਦੀ ਬਜਾਏ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰਨ।