ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਅੱਜ ਪੰਜਾਬ ਦੌਰੇ ਉਤੇ ਸਨ, ਜੋ ਅੰਮ੍ਰਿਤਸਰ ਪੁੱਜੇ ਸਨ। ਸਿੱਧੂ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਤੁਸੀਂ ਸਭ ਜਾਣਦੇ ਹੋ ਸਿੱਧੂ ਤੋਂ ਇਨ੍ਹਾਂ ਨੂੰ ਕੀ ਤਕਲੀਫ ਹੈ। ਕੋਈ ਅਖਾੜਾ ਲਾਵੇ, 10 ਹਜ਼ਾਰ ਲੋਕ ਇਕੱਠੇ ਹੋਣ, ਉਹ ਤਾੜੀਆਂ ਮਾਰਨਗੇ ਪਰ ਪ੍ਰਚਾਰ ਲੋਕ ਭਲਾਈ ਤੇ ਪੰਜਾਬ ਲਈ ਕਰਨਾ ਚਾਹੀਦਾ ਹੈ। ਇਥੇ ਲੋਕ ਭਲਾਈ ਨਹੀਂ ਹੈ, ਇਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਕੀਤੀ ਜਾਂਦੀ ਹੈ।
ਦੇਵੇਂਦਰ ਯਾਦਵ ਨੂੰ ਮੇਰਾ ਸਹਿਯੋਗ
ਸਿੱਧੂ ਨੇ ਕਿਹਾ ਕਿ ਦੇਵੇਂਦਰ ਯਾਦਵ ਨਾਲ ਮੈਂ ਇਕ-ਇਕ ਵਰਕਰ ਖੜ੍ਹਾ ਕਰ ਦੇਵਾਂਗਾ। ਮੇਰਾ ਉਨ੍ਹਾਂ ਨੂੰ ਪੂਰਾ ਸਹਿਯੋਗ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਬੀਤੇ ਦਿਨ ਬਠਿੰਡਾ ਵਿਚ ਆਪਣੀ ਵੱਖਰੀ ਰੈਲੀ ਕੀਤੀ ਸੀ, ਜਿਸ ਕਾਰਨ ਕਈ ਸਵਾਲ ਉੱਠ ਰਹੇ ਸਨ ਕਿ ਸਿੱਧੂ ਵੱਖਰਾ ਅਖਾੜਾ ਕਿਉਂ ਲਗਾ ਰਹੇ ਹਨ।
ਆਗੂਆਂ ਨੇ ਘਰ ਭਰਨ ਤੋਂ ਸਿਵਾਏ ਕੁਝ ਨਹੀਂ ਕੀਤਾ
ਉਨ੍ਹਾਂ ਕਿਹਾ ਕਿ ਉਹ ਸਭ ਕੁਝ ਗੁਆ ਦੇਣਗੇ ਪਰ ਆਪਣਾ ਧਰਮ ਨਹੀਂ ਗੁਆਉਣਗੇ। ਰਾਸ਼ਟਰਵਾਦ ਤੋਂ ਉੱਪਰ ਕੋਈ ਧਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਇਕ ਵਿਅਕਤੀ ਦੇ ਖਿਲਾਫ ਨਹੀਂ ਹਨ, ਉਹ ਸਿਸਟਮ ਦੇ ਖਿਲਾਫ ਹਨ। ਸਿੱਧੂ ਨੇ ਕਿਹਾ ਕਿ ਧੜੇ ਬਣਾ ਕੇ ਸਵਾਰਥ ਪੂਰੇ ਕੀਤੇ ਜਾ ਰਹੇ ਹਨ। ਆਗੂਆਂ ਨੇ ਘਰ ਭਰਨ ਤੋਂ ਸਿਵਾਏ ਕੁਝ ਨਹੀਂ ਕੀਤਾ। ਉਨਾਂ ਕਿਹਾ ਕਿ ਮੇਰਾ ਕੋਈ ਕਾਟੋ ਕਲੇਸ਼ ਨਹੀਂ ਹੈ। ਡੈਮੋਕਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ। ਮੈਂ ਤਿੰਨ ਕਰੋੜ ਪੰਜਾਬੀਆਂ ਵਿਚ ਇੰਝ ਹੀ ਫਿਰਾਂਗਾ।