ਚੰਡੀਗੜ੍ਹ ਮੇਅਰ ਚੋਣਾਂ 'ਚ ਭਾਜਪਾ ਨੇ ਜਿੱਤ ਹਾਸਲ ਕਰਦੇ ਹੋਏ ਕਾਂਗਰਸ ਅਤੇ 'ਆਪ' ਗਠਜੋੜ ਨੂੰ ਸ਼ਿਕਸਤ ਦਿੱਤੀ ਹੈ। ਹੁਣ ਇਸ ਹਾਰ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿਨ ਦਿਹਾੜੇ ਇਸ ਨੂੰ ਬੇਈਮਾਨੀ ਕਰਾਰ ਦਿੱਤਾ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਲੋਕਤੰਤਰ ਦਾ ਕਤਲ ਕਰਨ 'ਤੇ ਤੁਲੀ ਹੋਈ ਹੈ।
ਕੇਜਰੀਵਾਲ ਨੇ ਲਿਖਿਆ- ਦਿਨ-ਦਿਹਾੜੇ ਕੀਤੀ ਗਈ ਬੇਈਮਾਨੀ
ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ ਕਿ ਜਿਸ ਤਰ੍ਹਾਂ ਦੀ ਬੇਈਮਾਨੀ ਚੰਡੀਗੜ੍ਹ ਮੇਅਰ ਚੋਣਾਂ 'ਚ ਦਿਨ-ਦਿਹਾੜੇ ਹੋਈ ਹੈ। ਇਹ ਬਹੁਤ ਚਿੰਤਾਜਨਕ ਹੈ। ਜੇਕਰ ਇਹ ਲੋਕ ਮੇਅਰ ਦੀ ਚੋਣ ਵਿੱਚ ਇੰਨੇ ਨੀਵੇਂ ਝੁੱਕ ਸਕਦੇ ਹਨ ਤਾਂ ਦੇਸ਼ ਦੀਆਂ ਚੋਣਾਂ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਬਹੁਤ ਚਿੰਤਾਜਨਕ ਹੈ।
ਰਾਜਾ ਵੜਿੰਗ ਨੇ ਕਿਹਾ-ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਭਾਜਪਾ ਨਾ ਸਿਰਫ਼ ਭ੍ਰਿਸ਼ਟ ਹੈ ਸਗੋਂ ਲੋਕਤੰਤਰ ਦਾ ਕਤਲ ਕਰਨ ਵਿੱਚ ਵੀ ਲੱਗੀ ਹੋਈ ਹੈ। ਉਹ ਆਸਾਨੀ ਨਾਲ ਬਾਹੂਬਲ, ਏਜੰਸੀਆਂ, ਪੈਸੇ, ਦਬਾਅ ਦੀਆਂ ਚਾਲਾਂ, ਅਧਿਕਾਰੀਆਂ ਦੀ ਵਰਤੋਂ ਅਤੇ ਕਈ ਕੁਝ ਵਰਤ ਰਹੇ ਹਨ।
ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਸੀਨੀਅਰ ਅਧਿਕਾਰੀ ਵੋਟਾਂ ਵਿੱਚ ਧਾਂਦਲੀ ਕਰ ਰਿਹਾ ਹੈ। ਅੱਜ ਦੀ ਘਟਨਾ ਸਿਰਫ਼ ਸਿਆਸੀ ਜਮਾਤ ਲਈ ਚਿੰਤਾਜਨਕ ਨਹੀਂ ਹੈ। ਸਗੋਂ ਇਸ ਦੇਸ਼ ਦੇ ਹਰ ਮਾਤਾ-ਪਿਤਾ, ਹਰ ਵਿਦਿਆਰਥੀ, ਹਰ ਨਾਗਰਿਕ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਕੀ ਅਸੀਂ ਆਪਣੇ ਬੱਚਿਆਂ ਲਈ ਇਹ ਭਵਿੱਖ ਚਾਹੁੰਦੇ ਹਾਂ? ਕੀ ਅਸੀਂ ਤਾਨਾਸ਼ਾਹੀ ਚਾਹੁੰਦੇ ਹਾਂ? ਅਤੇ ਜਵਾਬ ਹੈ ਨਹੀਂ, ਹੁਣ ਲੜਨ ਦਾ ਸਮਾਂ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਭਾਜਪਾ ਨੂੰ 16 ਵੋਟਾਂ ਮਿਲੀਆਂ
ਦੱਸ ਦੇਈਏ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਨੂੰ 16 ਵੋਟਾਂ ਮਿਲੀਆਂ ਹਨ। ਜਦੋਂ ਕਿ ਕਾਂਗਰਸ ਅਤੇ ਆਪ ਦੇ ਗਠਜੋੜ ਨੂੰ 12 ਵੋਟਾਂ ਮਿਲੀਆਂ ਅਤੇ 4 ਵੋਟਾਂ ਨਾਲ ਚੋਣ ਹਾਰ ਗਈ। ਜਦਕਿ 8 ਵੋਟਾਂ ਰੱਦ ਹੋ ਗਈਆਂ।