ਪੰਜਾਬ 'ਚ ਵਧਦੀ ਗਰਮੀ ਦੇ ਮੱਦੇਨਜ਼ਰ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਮਾਗਮ ਹੁਣ ਸ਼ਾਮ 6:30 ਵਜੇ ਹੋ ਰਿਹਾ ਹੈ। ਪਹਿਲਾਂ ਸਮਾਂ ਸ਼ਾਮ 6:00 ਵਜੇ ਸੀ, ਜਿਸ ਨੂੰ ਬਦਲ ਕੇ ਹੁਣ ਸ਼ਾਮ 6:30 ਕਰ ਦਿੱਤਾ ਗਿਆ ਹੈ।
ਦੋਹਾਂ ਦੇਸ਼ਾਂ ਦੀ ਬੈਠਕ ਤੋਂ ਬਾਅਦ ਬਣੀ ਸਹਿਮਤੀ
ਇਹ ਫੈਸਲਾ ਦੋਵਾਂ ਦੇਸ਼ਾਂ ਦੇ ਭਾਰਤੀ ਬੀਐਸਐਫ ਅਧਿਕਾਰੀਆਂ ਤੇ ਪਾਕਿਸਤਾਨੀ ਬੀਐਸਐਫ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਲਿਆ ਹੈ। ਦੱਸ ਦੇਈਏ ਕਿ ਦੋਹਾਂ ਦੇਸ਼ਾਂ ਵਿਚਾਲੇ ਬੈਠਕ ਤੋਂ ਬਾਅਦ ਇਸ ਮਾਮਲੇ 'ਤੇ ਸਹਿਮਤੀ ਬਣੀ ਹੈ। ਹਰ ਰੋਜ਼ ਹਜ਼ਾਰਾਂ ਸੈਲਾਨੀ ਰੀਟਰੀਟ ਸਮਾਰੋਹ ਦੇਖਣ ਲਈ ਵਾਹਗਾ ਬਾਰਡਰ ਪਹੁੰਚਦੇ ਹਨ। ਤੇਜ਼ ਗਰਮੀ ਕਾਰਨ ਸੈਲਾਨੀਆ ਲਈ ਸਰਹੱਦ ਤੱਕ ਪਹੁੰਚਣਾ ਮੁਸ਼ਕਲ ਸੀ ਤੇ ਰੀਟਰੀਟ ਸਮਾਰੋਹ ਦੇਖਣ ਲਈ ਉੱਥੇ ਬੈਠਣਾ ਵੀ ਬਹੁਤ ਗਰਮ ਸੀ।
ਤਾਪਮਾਨ 47.2 ਡਿਗਰੀ ਤੱਕ ਦਰਜ ਕੀਤਾ ਗਿਆ
ਇਨ੍ਹੀਂ ਦਿਨੀਂ ਸੂਬੇ ਦਾ ਤਾਪਮਾਨ ਆਮ ਦਿਨਾਂ ਨਾਲੋਂ 7.2 ਡਿਗਰੀ ਵੱਧ ਹੈ। ਸਮਰਾਲਾ ਸਭ ਤੋਂ ਗਰਮ ਰਿਹਾ। ਉੱਥੇ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਜੂਨ 'ਚ ਆਮ ਨਾਲੋਂ 87 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। 1 ਜੂਨ ਤੋਂ 16 ਜੂਨ ਤੱਕ 2.3 ਮਿਲੀਮੀਟਰ ਬਾਰਿਸ਼ ਹੋਈ ਹੈ।
ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ 17 ਤੋਂ 20 ਜੂਨ ਲਈ ਜਾਰੀ ਅਲਰਟ ਦੀ ਭਵਿੱਖਬਾਣੀ ਵਿੱਚ ਤੂਫ਼ਾਨ ਅਤੇ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ। ਰਾਹਤ ਦੀ ਗੱਲ ਵੀ ਹੈ ਕਿਉਂਕਿ 19-20 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਜਾਰੀ ਅੰਕੜਿਆਂ ਮੁਤਾਬਕ 17 ਜੂਨ ਨੂੰ ਹੀਟ ਵੇਵ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 18 ਜੂਨ ਨੂੰ ਆਰੇਂਜ ਅਲਰਟ ਐਲਾਨਿਆ ਗਿਆ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ 19-20 ਜੂਨ ਨੂੰ ਸੰਭਾਵਨਾ ਮੁਤਾਬਕ ਚੰਗੀ ਬਾਰਿਸ਼ ਹੁੰਦੀ ਹੈ ਤਾਂ ਗਰਮੀ ਤੋਂ ਰਾਹਤ ਮਿਲੇਗੀ।