ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵਿਰੁੱਧ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਚੰਡੀਗੜ੍ਹ ਦੇ ਸੈਕਟਰ-5 ਸਥਿਤ ਘਰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਅਟੈਚ ਕੀਤਾ ਹੈ।
3.82 ਕਰੋੜ ਦੀ ਕੀਮਤ
ਘਰ ਦੀ ਕੀਮਤ 3.82 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਈਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਦਿੱਤੀ ਹੈ। ਵਿਧਾਇਕ ਵਿਰੁੱਧ 08.03.2025 ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਅਪਰਾਧ ਤੋਂ 3.82 ਕਰੋੜ ਰੁਪਏ ਦੀ ਗੈਰ-ਕਾਨੂੰਨੀ ਕਮਾਈ ਦੀ ਵਰਤੋਂ ਕੀਤੀ। ਇਹ ਰਕਮ ਗੁਰਦੇਵ ਸਿੰਘ ਅਤੇ ਉਸਦੇ ਵਿਦੇਸ਼ੀ ਸਾਥੀਆਂ ਦੁਆਰਾ ਚਲਾਏ ਜਾ ਰਹੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੀ ਹੋਈ ਸੀ।
ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ 1800 ਗ੍ਰਾਮ ਹੈਰੋਇਨ, ਹਥਿਆਰ, ਪਾਕਿਸਤਾਨੀ ਸਿਮ ਕਾਰਡ, 24 ਸੋਨੇ ਦੇ ਬਿਸਕੁਟ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਨ੍ਹਾਂ ਵਿੱਚੋਂ ਗੁਰਦੇਵ ਸਿੰਘ ਤੋਂ 350 ਗ੍ਰਾਮ ਹੈਰੋਇਨ, ਇੱਕ ਪਾਕਿਸਤਾਨੀ ਸਿਮ, ਇੱਕ ਇੰਗਲੈਂਡ ਦਾ ਬਣਿਆ 32 ਬੋਰ ਵੈਬਲੀ ਸਕਾਟ ਰਿਵਾਲਵਰ, 24 ਜ਼ਿੰਦਾ ਕਾਰਤੂਸ ਅਤੇ 24 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ।
ਇਸ ਮਾਮਲੇ ਵਿੱਚ, 31 ਅਕਤੂਬਰ, 2017 ਨੂੰ, ਵਿਸ਼ੇਸ਼ ਅਦਾਲਤ, ਫਾਜ਼ਿਲਕਾ ਨੇ ਗੁਰਦੇਵ ਸਿੰਘ ਅਤੇ ਅੱਠ ਹੋਰਾਂ ਨੂੰ ਦੋਸ਼ੀ ਠਹਿਰਾਇਆ ਸੀ। ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਗੁਰਦੇਵ ਸਿੰਘ ਅਤੇ ਉਸਦੇ ਵਿਦੇਸ਼ੀ ਸਾਥੀਆਂ ਤੋਂ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨੂੰ ਪ੍ਰਾਪਤ ਹੋਏ 3.82 ਕਰੋੜ ਰੁਪਏ ਦੇ ਅਪਰਾਧਿਕ ਪੈਸੇ ਦੀ ਵਰਤੋਂ ਕੀਤੀ।