ਤਰਨਤਾਰਨ ਪੁਲਸ ਤੇ ਅੱਤਵਾਦੀ ਲਖਬੀਰ ਸਿੰਘ ਲੰਡਾ ਗੈਂਗ ਦੇ ਤਿੰਨ ਗੁਰਗਿਆਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਲੰਡਾ ਗੈਂਗ ਦੇ 3 ਗੁਰਗਿਆਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਡਾਕਟਰ ਦੇ ਘਰ 'ਤੇ ਗੈਂਗਸਟਰਾਂ ਨੇ ਗੋਲੀਆਂ ਚਲਾਈਆਂ
ਬਦਮਾਸ਼ਾਂ ਦੀ ਪਛਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵਜੋਂ ਹੋਈ ਹੈ। ਘਟਨਾ ਦੌਰਾਨ ਪੁਲਸ ਪਾਰਟੀ ਨਾਲ ਮੌਕੇ ’ਤੇ ਡੀ.ਐਸ.ਪੀ.ਪੁੱਜੇ । ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਉਕਤ ਗੈਂਗਸਟਰਾਂ ਨੇ ਇਲਾਕੇ ਦੇ ਇੱਕ ਡਾਕਟਰ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਬਾਅਦ ਵਿੱਚ ਦੁਬਾਰਾ ਉਸੇ ਡਾਕਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਦੀ ਰਕਮ ਨਾ ਮਿਲਣ 'ਤੇ ਬਦਮਾਸ਼ਾਂ ਨੇ ਉਕਤ ਡਾਕਟਰ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੌਰਾਨ ਲੰਡਾ ਗੈਂਗ ਦੇ ਦੋ ਬਦਮਾਸ਼ ਲੱਤਾਂ 'ਚ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ।
ਗੋਲੀਬਾਰੀ 'ਚ ਲੰਡਾ ਗੈਂਗ ਦੇ ਦੋ ਬਦਮਾਸ਼ ਜ਼ਖਮੀ
ਦੱਸ ਦੇਈਏ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੰਡ ਖੇਤਰ ਦੇ ਪਿੰਡ ਧੁੰਨ ਢਾਏਵਾਲ 'ਚ ਤਿੰਨ ਗੈਂਗਸਟਰ ਇੱਕ ਜਗ੍ਹਾ 'ਤੇ ਬੈਠੇ ਹਨ। ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ ਹੈ। ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਦੀਆਂ ਲੱਤਾਂ 'ਚ ਗੋਲੀ ਲੱਗ ਗਈ, ਜਿਸ ਕਾਰਨ ਦੋਵਾਂ ਜ਼ਖ਼ਮੀਆਂ ਨੂੰ ਪੁਲਸ ਨੇ ਹਸਪਤਾਲ 'ਚ ਦਾਖ਼ਲ ਕਰਵਾਇਆ |