ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਜੰਗਲ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਸਤੀਗੜ੍ਹ ਖੇਤਰ ਦੇ ਜੱਦਨ ਬਾਟਾ ਪਿੰਡ 'ਚ ਬੁੱਧਵਾਰ ਦੇਰ ਰਾਤ ਸਕੂਲ 'ਚ ਸਥਾਪਿਤ ਅਸਥਾਈ ਸੁਰੱਖਿਆ ਕੈਂਪ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇਕ ਘੰਟੇ ਤੋਂ ਵੱਧ ਸਮੇਂ ਤੱਕ ਗੋਲੀਬਾਰੀ ਜਾਰੀ ਰਹੀ।
ਤਲਾਸ਼ੀ ਮੁਹਿੰਮ ਜਾਰੀ
ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ 'ਚ ਫੌਜ ਦੇ ਦੋ ਜਵਾਨ ਮਾਮੂਲੀ ਜ਼ਖਮੀ ਹੋ ਗਏ। ਹਮਲਾਵਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਹੈ ਕਿ ਨੇੜੇ ਹੀ ਅੱਤਵਾਦੀ ਲੁਕੇ ਹੋਏ ਹਨ। ਫੌਜ ਦੇ ਜਵਾਨ ਅੱਤਵਾਦੀਆਂ ਦੀ ਭਾਲ ਕਰ ਰਹੇ ਹਨ।
ਹੁਣ ਤੱਕ 10 ਜਵਾਨ ਹੋਏ ਸ਼ਹੀਦ
ਡੋਡਾ 'ਚ 15 ਜੁਲਾਈ ਨੂੰ ਅੱਤਵਾਦੀਆਂ ਦੇ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹੁਣ ਸੂਤਰਾਂ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਡੋਡਾ 'ਚ ਹਮਲਾਵਰ ਸਾਬਕਾ ਪਾਕਿਸਤਾਨੀ ਫੌਜੀ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪਹਾੜਾਂ 'ਚ ਲੁਕਣ ਤੇ ਘਾਤਲੱਗਾ ਕੇ ਹਮਲਾ ਕਰਨ 'ਚ ਮਾਹਿਰ ਹੈ। ਦੱਸ ਦਈਏ ਕਿ ਪਿਛਲੇ 16 ਦਿਨਾਂ 'ਚ ਅੱਤਵਾਦੀ ਹਮਲਿਆਂ ਅਤੇ ਮੁਕਾਬਲੇ 'ਚ ਹੁਣ ਤੱਕ 10 ਜਵਾਨ ਸ਼ਹੀਦ ਹੋ ਚੁੱਕੇ ਹਨ।