ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਸ਼ਨੀਵਾਰ ਸਵੇਰੇ ਇਕ ਵਾਰ ਫਿਰ ਅੱਤਵਾਦੀਆਂ ਅਤੇ ਫੌਜ ਦੇ ਜਵਾਨਾਂ ਵਿਚਾਲੇ ਮੁੱਠਭੇੜ ਹੋ ਰਹੀ ਹੈ। ਇਸ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਜ਼ਖਮੀ ਹੋਏ ਹਨ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮੁਕਾਬਲੇ 'ਚ ਫੌਜ ਨੇ ਇਕ ਅੱਤਵਾਦੀ ਵੀ ਮਾਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਕਾਮਕਰੀ ਇਲਾਕੇ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ੁਫ਼ੀਆ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫ਼ੌਜ ਨੇ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਜਿਸ 'ਚ ਫੌਜ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਇੱਥੇ 8 ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਹੈ। ਦੱਸ ਦੇਈਏ ਕਿ ਪਿਛਲੇ ਕੁਝ ਹਫਤਿਆਂ ਤੋਂ ਹਰ ਰੋਜ਼ ਜੰਮੂ-ਕਸ਼ਮੀਰ ਦੇ ਕਿਸੇ ਨਾ ਕਿਸੇ ਜ਼ਿਲੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋ ਰਹੀ ਹੈ।
18 ਜੁਲਾਈ ਨੂੰ ਦੋ ਅੱਤਵਾਦੀਆਂ ਨੂੰ ਕੀਤਾ ਸੀ ਢੇਰ
ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਇਲਾਕੇ 'ਚ ਫੌਜ ਨੇ 18 ਜੁਲਾਈ ਨੂੰ ਇਕ ਮੁਕਾਬਲੇ 'ਚ 2 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਫੌਜ ਨੂੰ ਇੱਥੇ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੱਤਵਾਦੀਆਂ ਅਤੇ ਫੌਜ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਇਸ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ।
ਇਸ ਤੋਂ ਪਹਿਲਾਂ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਫਾਇਰਰਿੰਗ
ਜੰਮੂ-ਕਸ਼ਮੀਰ ਦੇ ਕੁਲਗਾਮ 'ਚ 6 ਅਤੇ 7 ਜੁਲਾਈ ਨੂੰ ਮੁਦਰਾਗਾਮ ਅਤੇ ਚਿਨੀਗਾਮ ਫਰਿਸਾਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ ਸੀ। ਐਨਕਾਊਟਰ 'ਚ ਸੁਰੱਖਿਆ ਬਲਾਂ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ । ਦੋ ਜਵਾਨ ਵੀ ਸ਼ਹੀਦ ਹੋਏ ਸਨ । ਅਧਿਕਾਰੀਆਂ ਮੁਤਾਬਕ ਮਾਰੇ ਗਏ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ। ਇਨ੍ਹਾਂ 'ਚੋਂ ਇਕ ਪਾਕਿਸਤਾਨ ਨਾਲ ਜੁੜੇ ਅੱਤਵਾਦੀ ਸੰਗਠਨ ਦਾ ਸਥਾਨਕ ਕਮਾਂਡਰ ਸੀ।
26 ਜੂਨ ਨੂੰ ਡੋਡਾ 'ਚ 3 ਅੱਤਵਾਦੀਆਂ ਦਾ ਖਾਤਮਾ
26 ਜੂਨ ਨੂੰ ਡੋਡਾ ਜ਼ਿਲ੍ਹੇ ਦੇ ਗੰਡੋਹ ਇਲਾਕੇ 'ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਸਵੇਰੇ ਇਲਾਕੇ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਪੁਲਸ ਅਤੇ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਤੋਂ ਬਾਅਦ ਸਵੇਰੇ 9.50 ਵਜੇ ਐਨਕਾਊਟਰ ਸ਼ੁਰੂ ਹੋਇਆ ਸੀ ।