ਪੰਜਾਬ ਪੁਲਸ ਨੇ ਵੱਡਾ ਐਕਸ਼ਨ ਲੈਂਦਿਆਂ ਐਤਵਾਰ ਤੜਕਸਾਰ ਜਲੰਧਰ ਦੇ ਰਾਏਪੁਰ-ਰਸੂਲਪੁਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ। ਅੱਜ ਤੜਕਸਾਰ ਹੀ ਇਸ ਮਾਮਲੇ ਦੇ ਮੁਲਜ਼ਮ ਦਾ ਪੁਲਸ ਨੇ ਇਨਕਾਊਂਟਰ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ।ਜਲੰਧਰ ਦਿਹਾਤੀ ਦੇ SSP ਗੁਰਮੀਤ ਸਿੰਘ ਖ਼ੁਦ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ।
ਪੁਲਿਸ ਉਸਨੂੰ ਹਥਿਆਰ ਬਰਾਮਦਗੀ ਲਈ ਲੈ ਗਈ ਸੀ। ਪਰ ਇੱਥੇ ਉਸਨੇ ਪੁਲਿਸ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਸ਼ੀ ਨੂੰ ਗੋਲੀ ਲੱਗ ਗਈ। ਮੁਲਜ਼ਮ ਹਾਰਦਿਕ ਯਮੁਨਾਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹੈ। ਉਹ ਲਾਰੈਂਸ ਗੈਂਗ ਦਾ ਮੈਂਬਰ ਹੈ।
ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਐਤਵਾਰ ਤੜਕਸਾਰ ਲੱਗਭਗ 3.30 ਵਜੇ ਪਿੰਡ ਰਾਏਪੁਰ-ਰਸੂਲਪੁਰ ਵਿਚ ਰਹਿਣ ਵਾਲੇ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਘਰ ’ਤੇ ਪਾਕਿਸਤਾਨੀ ਅਤਿਵਾਦੀ ਸ਼ਹਿਜ਼ਾਦ ਭੱਟੀ ਨੇ ਹਮਲਾ ਕਰਵਾਇਆ ਸੀ ਅਤੇ ਉਸ ਦੇ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਜਾਰੀ ਕੀਤੀ ਸੀ ਕਿ ਰੋਜਰ ਸੰਧੂ ਨੇ ਇਸਲਾਮ ਨੂੰ ਲੈ ਕੇ ਗ਼ਲਤ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਉਸ ਨੇ ਇਹ ਹਮਲਾ ਕਰਵਾਇਆ।
ਉਸ ਨੇ ਦਾਅਵਾ ਕੀਤਾ ਸੀ ਕਿ ਅਤਿਵਾਦੀ ਹੈਪੀ ਪਸੀਆ ਤੇ ਬਾਬਾ ਸਿਦੀਕੀ ਹੱਤਿਆਕਾਂਡ ਦੇ ਮਾਸਟਰਮਾਈਂਡ ਜੀਸ਼ਾਨ ਅਖ਼ਤਰ ਨੇ ਇਸ ਵਾਰਦਾਤ ਵਿਚ ਉਸ ਦਾ ਸਾਥ ਦਿੱਤਾ। ਡੌਨ ਸ਼ਹਿਜ਼ਾਦ ਭੱਟੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਯੂ-ਟਿਊਬਰ ਨਾ ਹਟਿਆ ਤਾਂ ਉਹ ਫਿਰ ਹਮਲੇ ਕਰਵਾਏਗਾ।
ਪੰਜਾਬ ਪੁਲਿਸ, BSF ਬੰਬ ਸਕੁਐਡ ਅਤੇ ਚੰਡੀਗੜ੍ਹ ਤੋਂ ਟੀਮਾਂ ਯੂ-ਟਿਊਬਰ ਰੋਜਰ ਸੰਧੂ ਦੇ ਘਰ ਪਹੁੰਚੀਆਂ ਸਨ ਤੇ ਲਗਭਗ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗ੍ਰਨੇਡ ਨੂੰ ਡੀਫਿਊਜ਼ ਕੀਤਾ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੁਲਿਸ ਨੇ ਸੁੱਖ ਦਾ ਸਾਹ ਲਿਆ। ਪੁਲਿਸ ਨੇ ਬੀਤੇ ਦਿਨੀਂ ਹੀ ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।