ਪੰਜਾਬ 'ਚ ਠੰਡ ਨੇ ਆਪਣਾ ਕਿਹਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ਵੀ ਕਾਫੀ ਹੇਠਾਂ ਆ ਗਿਆ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਅਗਲੇ 3 ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਯੈਲੋ ਅਲਰਟ
ਸੋਮਵਾਰ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਵਿੱਚ 1.6 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ ਵਿੱਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵਿਭਾਗ ਨੇ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਹਾਲਾਂਕਿ ਅਜਿਹੀ ਸਥਿਤੀ 'ਚ ਆਉਣ ਵਾਲੇ ਦਿਨਾਂ 'ਚ ਧੁੰਦ ਹੋਰ ਵੀ ਸੰਘਣੀ ਹੋ ਜਾਵੇਗੀ। ਫਿਲੌਰ, ਫਗਵਾੜਾ, ਹੁਸ਼ਿਆਰਪੁਰ, ਲੁਧਿਆਣਾ, ਮੋਗਾ ਅਤੇ ਰੋਪੜ ਸਮੇਤ ਪੰਜਾਬ ਦੇ ਕਈ ਜ਼ਿਲਿਆਂ 'ਚ ਮੰਗਲਵਾਰ ਸਵੇਰੇ 8 ਵਜੇ ਤੱਕ ਸੰਘਣੀ ਧੁੰਦ ਛਾਈ ਰਹੀ।
ਅਗਲੇ 3 ਦਿਨਾਂ 'ਚ ਜਾਣੋ ਕਿਵੇਂ ਦਾ ਰਹੇਗਾ ਮੌਸਮ
ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ। ਇਸ ਦੇ ਨਾਲ ਹੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ।ਵੀਰਵਾਰ ਨੂੰ ਵੀ ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਹੋ ਸਕਦਾ ਹੈ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਆਸਮਾਨ 'ਚ ਬੱਦਲ ਛਾਏ ਰਹਿ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਤੱਕ ਰਹੇਗਾ।
ਵਿਜ਼ੀਬਿਲਟੀ 50 ਮੀਟਰ
ਇਕ ਵਾਰ ਫਿਰ ਧੁੰਦ ਨੇ ਦਸਤਕ ਦੇ ਦਿੱਤੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ 'ਚ ਕਈ ਥਾਵਾਂ 'ਤੇ ਸਵੇਰੇ 5 ਤੋਂ 7 ਵਜੇ ਤੱਕ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਸੀ।