ਖ਼ਬਰਿਸਤਾਨ ਨੈੱਟਵਰਕ- ਪੰਜਾਬ 'ਚ ਜ਼ਿਆਦਾਤਰ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ, ਜਿਸ ਕਾਰਣ ਲੋਕਾਂ ਦੇ ਘਰ ਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਇਸ ਵਿਚਕਾਰ ਹੀ ਗੁਰਦਾਸਪੁਰ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਕਿਸਾਨ ਆਪਣੀ ਡੁੱਬਦੀ ਫਸਲ ਦੇਖ ਕੇ ਦੁੱਖ ਨਾ ਸਹਾਰ ਸਕਿਆ ਤੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।
ਮਾਮਲਾ ਗੁਰਦਾਸਪੁਰ ਦੇ ਪਿੰਡ ਬਲੱਗਣ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕਿਸਾਨ ਦੀ ਮੌਤ ਹੋ ਗਈ। ਅੱਠ ਦਿਨ ਬਾਅਦ ਵੀ ਖੇਤਾਂ ਵਿਚੋਂ ਪਾਣੀ ਨਹੀਂ ਉਤਰਿਆ ਸੀ, ਜਿਸ ਨੂੰ ਵੇਖ ਕੇ ਨੌਜਵਾਨ ਕਿਸਾਨ ਸੰਦੀਪ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਕਿਸਾਨ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ।
2 ਧੀਆਂ ਦਾ ਪਿਓ ਸੀ ਸੰਦੀਪ ਸਿੰਘ
ਗੁਰਦਾਸਪੁਰ ਦੇ ਪਿੰਡ ਬਲੱਗਣ ਜਿੱਥੇ ਪਿਛਲੇ ਦਿਨੀਂ ਹੜ੍ਹ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿੱਚ ਆ ਗਿਆ ਸੀ। ਅੱਜ ਅੱਠਵੇਂ ਦਿਨ ਵੀ ਪਿੰਡ ਦੇ ਆਲੇ-ਦੁਆਲੇ ਖੇਤਾਂ ਵਿੱਚੋਂ ਪਾਣੀ ਨਹੀਂ ਉਤਰਿਆ ਸੀ, ਜਿਸ ਨੂੰ ਦੇਖ ਕੇ ਕਿਸਾਨ ਦੁੱਖ ਨਾ ਸਹਾਰ ਸਕਿਆ। ਕਿਸਾਨ ਦੀਆਂ ਦੋ ਧੀਆਂ ਹਨ ਅਤੇ ਨਾਲ ਹੀ ਉਹ ਆਪਣੇ ਬਜ਼ੁਰਗ ਪਿਓ ਨੂੰ ਵੀ ਸੰਭਾਲਦੇ ਸੀ। ਉਸਦੇ ਕੋਲ ਆਪਣੀ ਸਿਰਫ ਇਕ ਕਿਲੇ ਜ਼ਮੀਨ ਸੀ ਅਤੇ ਢਾਈ ਕਿੱਲੇ ਉਸਨੇ 50000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ 'ਤੇ ਲਈ ਸੀ।
ਪਰਿਵਾਰ ਨੇ ਕੀਤੀ ਮਦਦ ਦੀ ਅਪੀਲ
ਸੰਦੀਪ ਸਿੰਘ ਜ਼ਮੀਨ ਥੋੜੀ ਹੋਣ ਕਰਨ ਦਿਹਾੜੀਆਂ ਵੀ ਲਾਉਂਦਾ ਸੀ। ਉਸ ਦੀ ਪਤਨੀ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਾਲੀ ਮਦਦ ਦੀ ਅਪੀਲ ਪ੍ਰਸ਼ਾਸਨ ਅਤੇ ਸਮਾਜਸੇਵੀ ਜਥੇਬੰਦੀਆਂ ਅੱਗੇ ਕੀਤੀ ਹੈ। ਪੂਰਾ ਪਰਿਵਾਰ ਸਦਮੇ ਵਿਚ ਹੈ।
ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਹੇ ਨੌਜਵਾਨ ਦੀ ਮੌਤ
ਓਧਰ ਹੀ ਇਕ ਹੋਰ ਮਾਮਲੇ ਵਿਚ ਮਾਨਸਾ ਤੋਂ ਮੰਦਭਾਗੀ ਖ਼ਬਰ ਹੈ, ਜਿਥੇ ਕਿ ਹੜ੍ਹ ਪੀੜ੍ਹਤਾਂ ਦੇ ਪਸ਼ੂਆਂ ਦਾ ਚਾਰਾ ਲੈ ਕੇ ਜਾ ਰਹੇ ਵਿਅਕਤੀ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਨੀਤ ਸਿੰਘ ਨੀਤੂ ਪਿੰਡ ਢੈਪਈ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹੜ੍ਹ ਪੀੜ੍ਹਤਾਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਮੂਸਾ ਕੈਂਚੀਆਂ ਕੋਲ ਉਸ ਦਾ ਟਰੈਕਟਰ ਢੱਠੇ ਨਾਲ ਟਕਰਾ ਗਿਆ। ਹਾਦਸੇ ਵਿਚ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।