ਚੰਡੀਗੜ੍ਹ ਵਿੱਚ ਕਿਸਾਨਾਂ ਨੇ ਅੱਜ ਭਾਜਪਾ ਆਗੂਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ ਪਰ ਕਿਸਾਨਾਂ ਤੋਂ ਇਲਾਵਾ ਕੋਈ ਵੀ ਬਹਿਸ ਵਿੱਚ ਨਹੀਂ ਆਇਆ। ਕਿਸਾਨ ਆਗੂਆਂ ਨੇ ਉਨ੍ਹਾਂ ਦੀਆਂ ਕੁਰਸੀਆਂ ਲਾਈਆਂ ਤੇ ਉਤੇ ਉਨ੍ਹਾਂ ਦੀਆਂ ਤਸਵੀਰਾਂ ਲਾ ਦਿੱਤੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਹਨ। ਇਸ ਕਾਰਨ ਭਾਜਪਾ ਆਗੂ ਬਹਿਸ ਤੋਂ ਭੱਜ ਰਹੇ ਹਨ। ਦੱਸ ਦੇਈਏ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਕਿਸਾਨ 70 ਦਿਨਾਂ ਤੋਂ ਧਰਨੇ ਉਤੇ ਬੈਠੇ ਹੋਏ ਹਨ।
ਖਾਲੀ ਕੁਰਸੀਆਂ 'ਤੇ ਭਾਜਪਾ ਨੇਤਾਵਾਂ ਦੀਆਂ ਲਾਈਆਂ ਤਸਵੀਰਾਂ
ਕਿਸਾਨਾਂ ਨੇ ਬੀਜੇਪੀ ਦੇ 5 ਵੱਡੇ ਨੇਤਾਵਾਂ ਦੀਆਂ ਕੁਰਸੀਆਂ ਲਗਾਈਆਂ, ਜਿਸ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਜੇ ਪੀ ਨੱਢਾ ਦੀਆਂ ਤਸਵੀਰਾਂ ਲਾਈਆਂ ਗਈਆਂ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਮਿਤੀ 23 ਅਪ੍ਰੈਲ 2024 ਨੂੰ ਉਹ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਭਾਜਪਾ ਆਗੂਆਂ ਦੀ ਉਡੀਕ ਕਰਦੇ ਰਹੇ ਪਰ ਉਹ ਬਹਿਸ ਵਿੱਚ ਨਹੀਂ ਆਏ, ਜਿਸ ਤੋਂ ਬਾਅਦ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਹੈ।
ਸੁਨੀਲ ਜਾਖੜ ਨੇ ਮੰਗਾਂ 'ਤੇ ਬਹਿਸ ਕਰਨ ਲਈ ਕਿਹਾ ਸੀ
ਦੱਸ ਦੇਈਏ ਕਿ ਹਾਲ ਹੀ 'ਚ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ 'ਤੇ ਬਹਿਸ ਕਰਨ ਲਈ ਕਿਹਾ ਸੀ। ਸੁਨੀਲ ਜਾਖੜ ਦਾਅਵਾ ਕਰ ਰਹੇ ਸਨ ਕਿ ਭਾਜਪਾ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਕੁਝ ਕੀਤਾ ਹੈ। ਭਾਜਪਾ ਪ੍ਰਧਾਨ ਵੱਲੋਂ ਕਿਸਾਨਾਂ ਨੂੰ ਦਿੱਤੀ ਚੁਣੌਤੀ ਨੂੰ ਕਿਸਾਨ ਲੀਡਰਸ਼ਿਪ ਨੇ ਸਵੀਕਾਰ ਕਰ ਲਿਆ। ਭਾਜਪਾ ਆਗੂਆਂ ਵੱਲੋਂ ਕੋਈ ਚਰਚਾ ਜਾਂ ਬਹਿਸ ਨਹੀਂ ਰੱਖੀ ਗਈ। ਉਸ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਅਤੇ ਐੱਸ.ਕੇ.ਐੱਮ. ਗੈਰ ਰਾਜਨੀਤਕ ਨੇ ਅੱਜ 23/04/24 ਕਿਸਾਨ ਭਵਨ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਲਈ ਖੁੱਲੀ ਚਰਚਾ ਤੇ ਬਹਿਸ ਦਾ ਪ੍ਰਬੰਧ ਕੀਤਾ ਅਤੇ ਭਾਜਪਾ ਦੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਚੈਲੇਂਜ ਨੂੰ ਕਬੂਲ ਕਰਨ ਦਾ ਮਕਸਦ ਇਹ ਸੀ ਕਿ ਭਾਜਪਾ ਦੇ ਝੂਠੇ ਪ੍ਰਚਾਰ ਦੀ ਪੋਲ ਖੋਲੀ ਜਾ ਸਕੇ ਅਤੇ ਮੋਦੀ ਸਰਕਾਰ ਦਾ ਕਿਸਾਨ ਮਜ਼ਦੂਰਾਂ ਪ੍ਰਤੀ ਚਿਹਰਾ ਨੰਗਾ ਕੀਤਾ ਜਾ ਸਕੇ। ਕਿਸਾਨ ਆਗੂ ਸਮੇਂ ਸਿਰ ਕਿਸਾਨ ਭਵਨ ਪਹੁੰਚ ਗਏ ਸਨ ਅਤੇ ਵੱਡੀ ਗਿਣਤੀ ਵਿਚ ਮੀਡੀਆ ਕਰਮੀ ਵੀ ਮੌਜੂਦ ਰਹੇ ਪਰ ਭਾਜਪਾ ਆਗੂਆਂ ਵਿੱਚੋਂ ਕੋਈ ਇੱਕ ਵੀ ਨਹੀਂ ਪਹੁੰਚਿਆ।
ਸ਼ੰਭੂ ਨੇੜੇ ਰੇਲ ਰੋਕੋ ਅੰਦੋਲਨ ਵੀ ਜਾਰੀ
ਇਸ ਤੋਂ ਇਲਾਵਾ ਕਿਸਾਨਾਂ ਦਾ ਸ਼ੰਭੂ ਨੇੜੇ ਰੇਲ ਰੋਕੋ ਅੰਦੋਲਨ ਦਾ ਅੱਜ ਸੱਤਵਾਂ ਦਿਨ ਹੈ, ਜੋ ਕਿ ਲਗਾਤਾਰ ਜਾਰੀ ਹੈ। ਇਹ ਅੰਦੋਲਨ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਵਲੋਂ ਲਾਇਆ ਗਿਆ।
ਬਹਿਸ ਲਈ ਚੁਣੌਤੀ ਦੇ ਕੇ ਪਿੱਛੇ ਹਟ ਗਏ
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਕਦੇ ਵੀ ਸਰਕਾਰ ਨਾਲ ਗੱਲ ਕਰਨ, ਵਿਚਾਰ ਕਰਨ ਜਾਂ ਬਹਿਸ ਕਰਨ ਤੋਂ ਪਿੱਛੇ ਨਹੀਂ ਹਟੇ। ਜਦਕਿ ਮੋਦੀ ਸਰਕਾਰ ਲਖੀਮਪੁਰ ਖੀਰੀ ਦੇ ਕਿਸਾਨਾਂ ਦੀ ਇਨਸਾਫ਼ ਵਰਗੀ ਮੰਗ ਮੰਨਣ ਤੋਂ ਵੀ ਪਿੱਛੇ ਹਟ ਗਈ ਹੈ, ਇੱਥੋਂ ਤੱਕ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੋਂ ਵੀ। ਇਸ ਅੰਦੋਲਨ ਦੌਰਾਨ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੀ ਰਿਹਾਈ ਦੀ ਮੰਗ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਅੱਜ ਉਹ ਬਹਿਸ ਲਈ ਚੁਣੌਤੀ ਦੇਣ ਤੋਂ ਬਾਅਦ ਪਿੱਛੇ ਹਟ ਗਈ। ਵਾਅਦੇ ਤੋੜਨਾ, ਬਹਿਸ ਜਾਂ ਚਰਚਾ ਤੋਂ ਭੱਜਣਾ ਭਾਜਪਾ ਸਰਕਾਰ ਦਾ ਸੁਭਾਅ ਬਣ ਗਿਆ ਹੈ।
1 ਮਈ ਨੂੰ ਦੋਵੇਂ ਬਾਰਡਰਾਂ 'ਤੇ ਮਜ਼ਦੂਰ ਦਿਵਸ ਮਨਾਇਆ ਜਾਵੇਗਾ
ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਗੁਰਮਨਜੀਤ ਸਿੰਘ ਮਾਂਗਟ, ਅਭਿਮਨਿਊ ਕੋਹਾੜ ਅਤੇ ਸੁਖਜੀਤ ਸਿੰਘ ਖਹਿਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ 22 ਮਈ ਨੂੰ ਕਿਸਾਨ ਅੰਦੋਲਨ 2.0 ਦੇ 100 ਦਿਨ ਪੂਰੇ ਹੋ ਰਹੇ ਹਨ। ਇਸ ਦਿਨ ਦੋਵਾਂ ਸਰਹੱਦਾਂ ਸ਼ੰਭੂ ਤੇ ਖਨੌਰੀ 'ਤੇ ਵੱਡਾ ਇਕੱਠ ਹੋਵੇਗਾ। ਇਸ ਤੋਂ ਇਲਾਵਾ 1 ਮਈ ਨੂੰ ਦੋਵੇਂ ਮੋਰਚਿਆਂ ’ਤੇ ਮਜ਼ਦੂਰ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ।