ਚੰਡੀਗੜ੍ਹ 'ਚ ਦੀਵਾਲੀ ਮੌਕੇ IAS ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ 'ਤੇ ਗੋਲੀ ਚਲਾਈ ਗਈ। ਇਸ ਘਟਨਾ ਦੇ ਸਮੇਂ ਵਰਿੰਦਰ ਸ਼ਰਮਾ ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਸਨ। ਫਾਇਰਿੰਗ ਕਰਨ ਤੋਂ ਬਾਅਦ ਅਣਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਪੂਜਾ ਦੌਰਾਨ ਚੱਲੀ ਗੋਲੀ
ਪੁਲਿਸ ਮੁਤਾਬਕ ਅਧਿਕਾਰੀ ਵਰਿੰਦਰ ਸ਼ਰਮਾ ਆਪਣੇ ਪਰਿਵਾਰ ਨਾਲ ਘਰ 'ਚ ਦੀਵਾਲੀ ਦੀ ਪੂਜਾ ਕਰ ਰਹੇ ਸਨ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਗੋਲੀ ਅਧਿਕਾਰੀ ਦੇ ਸਰਕਾਰੀ ਘਰ ਦੀ ਖਿੜਕੀ ਨੂੰ ਲੱਗੀ। ਗੋਲੀ ਖਿੜਕੀ ਨਾਲ ਟਕਰਾਉਣ ਤੋਂ ਬਾਅਦ ਉਥੇ ਡਿੱਗੀ ਸੀ ਅਤੇ ਬਰਾਮਦ ਕਰ ਲਈ ਗਈ ਹੈ।
ਦੇਰ ਰਾਤ ਮਿਲੀ ਘਟਨਾ ਦੀ ਸੂਚਨਾ
ਪੁਲਿਸ ਨੇ ਦੱਸਿਆ ਕਿ ਸਾਨੂੰ ਇਸ ਘਟਨਾ ਦੀ ਸੂਚਨਾ 11.30 ਵਜੇ ਮਿਲੀ। ਡੀਸੀਪੀ ਕ੍ਰਾਈਮ ਉਦੈਭਾਨ ਸਿੰਘ ਪੁਲਿਸ ਸਟੇਸ਼ਨ ਇੰਚਾਰਜ ਸੈਕਟਰ-11 ਅਤੇ ਚੌਕੀ ਇੰਚਾਰਜ ਸੈਕਟਰ-24 ਦੇ ਨਾਲ ਰਾਤ ਨੂੰ ਮੌਕੇ ’ਤੇ ਪਹੁੰਚ ਗਏ ਸਨ। ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ 'ਚ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।