ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ, ਪਰ ਉਹ ਸੜਕਾਂ ਤੋਂ ਜਾਮ ਹਟਾ ਦੇਣਗੇ। ਇਹ ਫੈਸਲਾ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਲਿਆ ਗਿਆ ਹੈ। ਕਿਸਾਨ ਹੁਣ ਹਾਈਵੇਅ ਤੋਂ ਜਾਮ ਨੂੰ ਪੂਰੀ ਤਰ੍ਹਾਂ ਹਟਾ ਦੇਣਗੇ।
ਦੱਸ ਦੇਈਏ ਕਿ ਕਿਸਾਨਾਂ ਨੇ ਸੂਬੇ 'ਚ ਕੁਝ ਥਾਵਾਂ 'ਤੇ ਅਣਮਿੱਥੇ ਸਮੇਂ ਲਈ ਸੜਕਾਂ ਜਾਮ ਕਰ ਦਿੱਤੀਆਂ ਸਨ। ਝੋਨੇ ਦੀ ਲਿਫਟਿੰਗ ਵਿੱਚ ਹੋ ਰਹੀ ਦੇਰੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ। ਪੰਜਾਬ ਦੇ ਮੰਤਰੀਆਂ ਨਾਲ ਕਿਸਾਨ ਨੁਮਾਇੰਦਿਆਂ ਦੀ ਕਰੀਬ ਢਾਈ ਘੰਟੇ ਮੀਟਿੰਗ ਹੋਈ, ਜਿਸ ਤੋਂ ਬਾਅਦ ਜਾਮ ਖੋਲ੍ਹਣ ਦਾ ਫੈਸਲਾ ਕੀਤਾ ਗਿਆ।
ਜੇਕਰ ਹਾਲਾਤ ਨਾ ਸੁਧਰੇ ਤਾਂ ਅਸੀਂ ਫੈਸਲਾ ਲਵਾਂਗੇ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਅਗਲੀ ਰਣਨੀਤੀ ਦਾ ਐਲਾਨ ਹੋਣ ਤੱਕ ਧਰਨਾ ਜਾਰੀ ਰੱਖਿਆ ਜਾ ਰਿਹਾ ਹੈ। ਐਤਵਾਰ ਸ਼ਾਮ ਤੋਂ ਹੀ ਨਾਕਾਬੰਦੀ ਹਟਾ ਲਈ ਗਈ ਹੈ। ਧਰਨਾਕਾਰੀ ਸੜਕਾਂ ਕਿਨਾਰੇ ਬੈਠਣਗੇ ਅਤੇ ਸੜਕਾਂ ਜਾਮ ਨਹੀਂ ਕਰਨਗੇ। ਪੰਧੇਰ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਝੋਨੇ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਸੰਘਰਸ਼ ਸਬੰਧੀ ਫੈਸਲਾ ਲਿਆ ਜਾਵੇਗਾ। ਅਸੀਂ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਪਰ ਅਸੀਂ ਪੂਰੀ ਸਥਿਤੀ 'ਤੇ ਨਜ਼ਰ ਰੱਖਾਂਗੇ।
ਪੰਜਾਬ ਸਰਕਾਰ ਕਿਸਾਨਾਂ ਨਾਲ
ਮੰਤਰੀਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ। ਫਗਵਾੜਾ, ਮੋਗਾ-ਫਿਰੋਜ਼ਪੁਰ ਹਾਈਵੇਅ, ਸੰਗਰੂਰ-ਬਰਨਾਲਾ ਹਾਈਵੇਅ ਅਤੇ ਗੁਰਦਾਸਪੁਰ-ਸ਼੍ਰੀ ਹਰਗੋਬਿੰਦਪੁਰ ਐੱਨਐੱਚ ’ਤੇ ਖੰਡ ਮਿੱਲਾਂ ਅੱਗੇ ਕਿਸਾਨ ਹੜਤਾਲ ’ਤੇ ਬੈਠੇ ਸਨ। ਇਹ ਮੁਲਾਕਾਤ ਕਰੀਬ ਦੋ ਘੰਟੇ ਚੱਲੀ। ਮੀਟਿੰਗ ਤੋਂ ਬਾਅਦ ਕਿਸਾਨ ਹਾਈਵੇਅ ਤੋਂ ਆਪਣਾ ਧਰਨਾ ਹਟਾ ਰਹੇ ਹਨ।
ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਕੀਤਾ ਸੰਪਰਕ
ਸੀਐਮ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁੜ ਸੰਪਰਕ ਕੀਤਾ ਹੈ। ਨਾਲ ਹੀ ਇਸ ਦਿਸ਼ਾ ਵਿਚ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਆਮ ਲੋਕ ਨਿੱਤ ਦੇ ਧਰਨੇ-ਮੁਜ਼ਾਹਰਿਆਂ ਤੋਂ ਪ੍ਰੇਸ਼ਾਨ ਹਨ|