ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰ ਅੱਗ ਲੱਗਣ 'ਤੇ ਘਰ ਚੋਂ ਵੱਡੀ ਮਾਤਰਾ 'ਚ ਨਕਦੀ ਬਰਾਮਦ ਹੋਈ ਹੈ। ਜਿਸ ਕਾਰਨ ਨਿਆਂਪਾਲਿਕਾ ਵਿੱਚ ਹਲਚਲ ਮਚ ਗਈ ਹੈ। ਇਸ ਖੁਲਾਸੇ ਤੋਂ ਬਾਅਦ, ਜੱਜ ਯਸ਼ਵੰਤ ਵਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਇਲਾਹਾਬਾਦ ਹਾਈ ਕੋਰਟ ਭੇਜ ਦਿੱਤਾ ਗਿਆ ਹੈ। ਦਰਅਸਲ, ਜਸਟਿਸ ਵਰਮਾ ਅਕਤੂਬਰ 2021 ਵਿੱਚ ਇਲਾਹਾਬਾਦ ਹਾਈਕੋਰਟ ਤੋਂ ਦਿੱਲੀ ਹਾਈ ਕੋਰਟ ਆਏ ਸਨ।
ਦੱਸ ਦੇਈਏ ਕਿ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਸ਼ਹਿਰ ਤੋਂ ਬਾਹਰ ਸਨ। ਜਦੋਂ ਅੱਗ ਲੱਗੀ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਬੁਲਾਇਆ। ਅੱਗ ਬੁਝਾਉਣ ਤੋਂ ਬਾਅਦ, ਜਦੋਂ ਬਚਾਅ ਟੀਮ ਅੰਦਰ ਗਈ, ਤਾਂ ਉਹ ਇੱਕ ਕਮਰੇ 'ਚ ਨੋਟਾਂ ਦਾ ਢੇਰ ਦੇਖ ਕੇ ਹੈਰਾਨ ਰਹਿ ਗਏ। ਇਸਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਇੱਕ ਰਿਕਵਰੀ ਰਿਪੋਰਟ ਦਾਇਰ ਕੀਤੀ ਗਈ।
ਹਾਈ ਕੋਰਟ ਦੇ ਇੱਕ ਜੱਜ ਦੇ ਘਰੋਂ ਇੰਨੀ ਵੱਡੀ ਮਾਤਰਾ ਵਿੱਚ ਨਕਦੀ ਮਿਲਣ ਤੋਂ ਬਾਅਦ ਨਿਆਂਪਾਲਿਕਾ ਵਿੱਚ ਹਲਚਲ ਮਚ ਗਈ ਹੈ। ਰਿਪੋਰਟ ਮੁਤਾਬਕ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸੀਜੇਆਈ ਖੰਨਾ ਨੇ ਤੁਰੰਤ ਕਾਲਜੀਅਮ ਦੀ ਮੀਟਿੰਗ ਬੁਲਾਈ। ਕੌਲਿਜੀਅਮ ਨੇ ਸਰਬਸੰਮਤੀ ਨਾਲ ਜਸਟਿਸ ਵਰਮਾ ਦਾ ਤੁਰੰਤ ਤਬਾਦਲਾ ਕਰਨ ਦਾ ਫੈਸਲਾ ਕੀਤਾ।