ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ| ਨਸ਼ਾ ਤਸਕਰਾਂ ਦੇ ਘਰਾਂ 'ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ| ਜਲੰਧਰ ਦਿਹਾਤੀ SSP ਗੁਰਮੀਤ ਸਿੰਘ ਦੀ ਅਗਵਾਈ ਹੇਠ ਨਕੋਦਰ ਦੇ ਪਿੰਡ ਫੈਸਲਾ ਵਿੱਚ ਇੱਕ ਮਹਿਲਾ ਤਸਕਰ ਦੀ ਇਮਾਰਤ 'ਤੇ ਕਾਰਵਾਈ ਕੀਤੀ ਗਈ। ਮਹਿਲਾ ਤਸਕਰ ਦੀ ਪਛਾਣ ਜਸਵਿੰਦਰ ਕੌਰ ਉਰਫ਼ ਜੱਸੀ ਵਜੋਂ ਹੋਈ ਹੈ। ਫਿਲਹਾਲ ਮਹਿਲਾ ਤਸਕਰ ਘਰੋਂ ਫਰਾਰ ਦੱਸੀ ਜਾ ਰਹੀ ਹੈ|
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੁੜਕਾ ਕਲਾਂ ਦੇ ਬੀਡੀਪੀਓ ਨੇ ਇੱਕ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ ਕਿ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ 3.30 ਮਰਲੇ ਦੇ ਰਕਬੇ 'ਤੇ ਇੱਕ ਗੈਰ-ਕਾਨੂੰਨੀ ਇਮਾਰਤ ਬਣਾਈ ਹੈ। ਬੀਡੀਪੀਓ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਅੱਜ ਇਮਾਰਤ ਨੂੰ ਢਾਹ ਦਿੱਤਾ ਗਿਆ। ਔਰਤ ਅਤੇ ਉਸਦੇ ਪਤੀ ਵਿਰੁੱਧ 20 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਐਨਡੀਪੀਐਸ ਐਕਟ ਅਤੇ ਕਤਲ ਦਾ ਮਾਮਲਾ ਸ਼ਾਮਲ ਹੈ। ਔਰਤ ਘਰੋਂ ਫਰਾਰ ਹੈ।
ਦਿਹਾਤੀ ਪੁਲਿਸ ਨੇ ਪਿਛਲੇ ਕੁਝ ਦਿਨਾਂ ਵਿੱਚ 35 ਤੋਂ 40 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ, ਨਸ਼ਿਆਂ ਵਿਰੁੱਧ ਮੁਹਿੰਮ ਦੇ ਸਬੰਧ ਵਿੱਚ ਤਸਕਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਇੱਕ ਪਰਿਵਾਰ ਨੇ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਚਾਰ-ਪੰਜ ਮਹੀਨੇ ਪਹਿਲਾਂ ਜਦੋਂ ਨਵੀਂ ਪੰਚਾਇਤ ਬਣੀ ਸੀ ਤਾਂ ਇਸ ਇਮਾਰਤ ਸਬੰਧੀ ਬੀਡੀਪੀਓ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਇਮਾਰਤ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਇਸ ਤੋਂ ਬਾਅਦ, ਡੀਪੀਓ ਨੇ ਦਿਹਾਤੀ ਪੁਲਿਸ ਦੀ ਮਦਦ ਨਾਲ ਅੱਜ ਇਸ ਇਮਾਰਤ 'ਤੇ ਕਾਰਵਾਈ ਕੀਤੀ।