ਮਹਾਕੁੰਭ ਮੇਲੇ ਦੌਰਾਨ ਇਕ ਵਾਰ ਫਿਰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਅੱਜ ਪ੍ਰਯਾਗਰਾਜ ਮਹਾਕੁੰਭ ਦਾ 13ਵਾਂ ਦਿਨ ਹੈ। ਹੁਣ ਤੱਕ ਲਗਭਗ 10.80 ਕਰੋੜ ਸ਼ਰਧਾਲੂ ਸੰਗਮ ਵਿੱਚ ਡੁਬਕੀ ਲਗਾ ਚੁੱਕੇ ਹਨ। ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਹਾਲਾਂਕਿ, ਅੱਗ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ।
ਅੱਗ ਲੱਗਣ ਦਾ ਕਾਰਣ ਸਪੱਸ਼ਟ ਨਹੀਂ
ਇਹ ਅੱਗ ਸ਼ਨੀਵਾਰ ਸਵੇਰੇ ਕੁੰਭ ਮੇਲਾ ਖੇਤਰ ਵਿੱਚ ਲੱਗੀ। ਅੱਗ ਕਾਰਨ ਕਿਸੇ ਵੱਡੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਦਿੰਦੇ ਹੋਏ ਫਾਇਰ ਅਫਸਰ ਵਿਸ਼ਾਲ ਯਾਦਵ ਨੇ ਦੱਸਿਆ ਕਿ ਇੱਕ ਕਾਰ ਨੂੰ ਅੱਗ ਲੱਗ ਗਈ ਸੀ। ਇਸ ਦੇ ਨੇੜੇ ਖੜੀ ਦੂਜੀ ਕਾਰ ਵੀ ਅੱਧੀ ਸੜ ਗਈ ਸੀ। ਹਾਲਾਂਕਿ, ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।
8ਵੀਂ ਜਮਾਤ ਤੱਕ ਦੇ ਸਕੂਲ ਬੰਦ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 19 ਜਨਵਰੀ ਨੂੰ ਸੈਕਟਰ-19 ਵਿੱਚ ਸਿਲੰਡਰ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ। ਇਸ ਵਿੱਚ 180 ਟੈਂਟ ਸੜ ਗਏ। ਸੀਐਮ ਯੋਗੀ ਅੱਜ ਦੁਬਾਰਾ ਪ੍ਰਯਾਗਰਾਜ ਪਹੁੰਚ ਰਹੇ ਹਨ। ਮਹਾਂਕੁੰਭ ਦੀ ਸ਼ੁਰੂਆਤ ਤੋਂ ਬਾਅਦ ਇਹ ਉਨ੍ਹਾਂ ਦੀ ਤੀਜੀ ਫੇਰੀ ਹੈ। ਕੁੰਭ ਵਿੱਚ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਯਾਗਰਾਜ ਦੇ ਸ਼ਹਿਰੀ ਖੇਤਰ ਵਿੱਚ 25 ਜਨਵਰੀ ਤੋਂ 3 ਫਰਵਰੀ ਤੱਕ 8ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਨੂੰ ਔਨਲਾਈਨ ਪੜ੍ਹਾਇਆ ਜਾਵੇਗਾ।
ਮਹਾਂਕੁੰਭ ਮੇਲਾ 26 ਫਰਵਰੀ ਤੱਕ ਜਾਰੀ ਰਹੇਗਾ
ਮਹਾਂਕੁੰਭ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਧਾਰਮਿਕ ਇਕੱਠਾਂ ਵਿੱਚੋਂ ਇੱਕ ਹੈ। ਇਹ ਭਾਰਤ ਵਿੱਚ ਹਰ 12 ਸਾਲਾਂ ਬਾਅਦ ਚਾਰ ਥਾਵਾਂ ਵਿੱਚੋਂ ਕਿਸੇ ਇੱਕ 'ਤੇ ਆਯੋਜਿਤ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਂਕੁੰਭ ਮੇਲਾ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 26 ਫਰਵਰੀ ਤੱਕ ਜਾਰੀ ਰਹੇਗਾ।