ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉਤੇ ਮਾਸੂਮ ਬੱਚੇ ਦਾ ਵੀਡੀਓ ਬੜਾ ਵਾਇਰਲ ਹੋ ਰਿਹਾ ਹੈ, ਜਿਸ ਵਿਚ ਬੱਚੇ ਨੂੰ ਜਦੋਂ ਅਧਿਆਪਕ ਪੁੱਛਦਾ ਹੈ ਕਿ ਉਹ ਹੋਮ ਵਰਕ ਕਿਉਂ ਨਹੀਂ ਕਰ ਕੇ ਆਇਆ ਤੇ ਕੀ ਖਾ ਕੇ ਆਇਆ ਤਾਂ ਅੱਗੋਂ ਬੱਚਾ ਕਹਿੰਦਾ ਹੈ ਕਿ ਸਾਡੇ ਘਰ ਆਟਾ ਨਹੀਂ ਹੈ, ਇਸ ਲਈ ਮੈਂ ਅੱਜ ਭੁੱਖਾ ਹੀ ਸਕੂਲ ਆਇਆ ਹਾਂ।
ਇਹ ਮਾਮਲਾ ਫ਼ਿਰੋਜ਼ਪੁਰ ਦੇ ਮਮਦੋਟ ਦੇ ਨਾਲ ਲੱਗਦੇ ਪਿੰਡ ਸੈਦੇ ਕੇ ਨਾਲ ਤੋਂ ਸਾਹਮਣੇ ਆਇਆ ਹੈ, ਜਿਥੇ ਸਕੂਲ ਵਿੱਚ ਨਰਸਰੀ ਦੇ ਬੱਚੇ ਅਤੇ ਅਧਿਆਪਕ ਦੀ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਹੈ। ਵੀਡੀਓ ਦੇਖ ਕੇ ਅੱਖਾਂ ਵਿੱਚ ਪਾਣੀ ਆ ਜਾਵੇਗਾ। ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਕਿਉਂਕਿ ਬੱਚੇ ਜ਼ਿਆਦਾਤਰ ਸੱਚ ਹੀ ਬੋਲਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ, ਵੀਡੀਓ ਵਿੱਚ ਨਰਸਰੀ ਕਲਾਸ ਦਾ ਅੰਮ੍ਰਿਤ ਨਾਂ ਦਾ ਬੱਚਾ ਆਪਣੇ ਅਧਿਆਪਕ ਲਖਵਿੰਦਰ ਸਿੰਘ ਨੂੰ ਬਹੁਤ ਹੀ ਦਰਦ ਭਰੇ ਲਹਿਜੇ ਵਿੱਚ ਕਹਿੰਦਾ ਹੈ ਕਿ ਮੈਂ ਅੱਜ ਸਕੂਲ ਦਾ ਹੋਮਵਰਕ ਕਰ ਕੇ ਨਹੀਂ ਆਇਆ। ਜਦੋਂ ਅਧਿਆਪਕ ਉਸ ਕੋਲ ਪਹੁੰਚਦਾ ਹੈ ਤੇ ਪੁੱਛਦਾ ਹੈ ਕਿਉਂ? ਘਰੋਂ ਰੋਟੀ ਖਾ ਕੇ ਆਇਆ ਸੀ, ਬੱਚੇ ਨੇ ਨਾਂਹ ਵਿਚ ਜਵਾਬ ਦਿੱਤਾ, ਅਧਿਆਪਕ ਫੇਰ ਪੁੱਛਦਾ ਕਿਉਂ? ਬੱਚਾ ਜਵਾਬ ਦਿੰਦਾ ਹੈ ਕਿ ਘਰ ਵਿੱਚ ਆਟਾ ਨਾ ਹੋਣ ਕਰਕੇ ਰੋਟੀ ਨਹੀਂ ਬਣੀ। ਇਸ ਲਈ ਮੈਂ ਖਾਣਾ ਖਾਣ ਤੋਂ ਬਗੈਰ ਹੀ ਆਇਆ।
ਅਧਿਆਪਕ ਨੇ ਖਾਣਾ ਖੁਆਇਆ
ਜਿਸ ਤੋਂ ਬਾਅਦ ਅਧਿਆਪਕ ਖੁਦ ਅੰਮ੍ਰਿਤ ਅਤੇ ਉਸ ਦੇ ਭਰਾ ਨੂੰ ਖਾਣਾ ਖੁਆਉਂਦੇ ਹਨ। ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੈਸੇ ਹੀ ਵੀਡੀਓ ਬਣਾ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਬੱਚਾ ਇਸ ਤਰ੍ਹਾਂ ਜਵਾਬ ਦੇਵੇਗਾ ਪਰ ਅੰਮ੍ਰਿਤ ਦੇ ਕਹੇ ਬੋਲਾਂ ਨੇ ਮੈਨੂੰ ਭਾਵੁਕ ਕਰ ਦਿੱਤਾ।
ਬੱਚੇ ਦੇ ਘਰ ਬਹੁਤ ਗਰੀਬੀ
ਇਸ ਦੇ ਨਾਲ ਹੀ ਬੱਚੇ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ 'ਚ ਬਹੁਤ ਗਰੀਬੀ ਹੈ। ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਹੈ। ਜੇਕਰ ਬੱਚੇ ਦੇ ਪਿਤਾ ਨੂੰ ਕੰਮ ਮਿਲ ਜਾਵੇ ਤਾਂ ਘਰ ਵਿੱਚ ਖਾਣਾ ਬਣ ਜਾਂਦਾ ਹੈ ਅਤੇ ਕੰਮ ਨਾ ਮਿਲਣ 'ਤੇ ਕਈ ਵਾਰ ਖਾਲੀ ਪੇਟ ਸੌਣਾ ਪੈਂਦਾ ਹੈ।
ਨੇੜਲੇ ਘਰੋਂ ਆਟਾ ਮੰਗਿਆ ਪਰ ਨਹੀਂ ਮਿਲਿਆ
ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦਿਨ ਵੀ ਕੁਝ ਅਜਿਹਾ ਵਾਪਰਿਆ ਕਿ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਉਸ ਨੇ ਦੇਖਿਆ ਕਿ ਘਰ ਵਿੱਚ ਆਟਾ ਨਹੀਂ ਹੈ ਅਤੇ ਆਪਣੇ ਬੱਚਿਆਂ ਨੂੰ ਖੁਆਉਣ ਲਈ ਉਹ ਨੇੜੇ ਦੇ ਦੋ ਘਰਾਂ ਵਿੱਚ ਆਟਾ ਮੰਗਣ ਗਈ ਪਰ ਉਨ੍ਹਾਂ ਨੂੰ ਨਾ ਹੋ ਗਈ। ਜਿਸ ਕਾਰਨ ਉਸ ਨੂੰ ਆਪਣੇ ਬੇਟੇ ਅੰਮ੍ਰਿਤ ਨੂੰ ਭੁੱਖਾ ਸਕੂਲ ਭੇਜਣਾ ਪਿਆ।
ਇਸ ਵੀਡੀਓ ਬਾਰੇ ਅਧਿਆਪਕ ਨੇ ਦੱਸਿਆ ਕਿ ਬੱਚੇ ਨੇ ਬਹੁਤ ਹੀ ਮਾਸੂਮੀਅਤ ਨਾਲ ਆਪਣਾ ਹੋਮਵਰਕ ਕੀਤੇ ਬਿਨਾਂ ਸਕੂਲ ਆਉਣ ਬਾਰੇ ਦੱਸਿਆ। ਅਧਿਆਪਕ ਨੇ ਦੱਸਿਆ ਕਿ ਉਹ ਬੱਚੇ ਦੀ ਬੇਵੱਸੀ ਦਾ ਵੀਡੀਓ ਵਾਰ-ਵਾਰ ਦੇਖਦਾ ਰਿਹਾ ਅਤੇ ਕਿਸੇ ਨੇ ਉਸ ਨੂੰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦਾ ਸੁਝਾਅ ਦਿੱਤਾ। ਇਸ ਲਈ ਸ਼ਾਇਦ ਕੋਈ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਵੇ।
ਗਰੀਬ ਪਰਿਵਾਰਾਂ ਅਤੇ ਬੇਜ਼ੁਬਾਨਾਂ ਦੀ ਮਦਦ ਕਰਨਾ ਸਭ ਤੋਂ ਵੱਡੀ ਸੇਵਾ
ਅਧਿਆਪਕ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਜੋ ਹੁਣ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਗਰੀਬ ਪਰਿਵਾਰਾਂ ਅਤੇ ਬੇਜ਼ੁਬਾਨਾਂ ਦੀ ਮਦਦ ਕਰਨਾ ਸਭ ਤੋਂ ਵੱਡੀ ਸੇਵਾ ਹੈ। ਸਾਨੂੰ ਅਜਿਹੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਬੱਚਾ ਜਾਂ ਗਰੀਬ ਪਰਿਵਾਰ ਭੁੱਖਾ ਨਾ ਰਹਿ ਸਕੇ ਅਤੇ ਜੇਕਰ ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਅਜਿਹੇ ਗਰੀਬ ਪਰਿਵਾਰਾਂ ਨੂੰ 2 ਵਕਤ ਦੀ ਰੋਟੀ ਜ਼ਰੂਰ ਮਿਲਣੀ ਚਾਹੀਦੀ ਹੈ।