ਜਲੰਧਰ ਸਥਿਤ ਆਦਮਪੁਰ ਹਵਾਈ ਅੱਡੇ ਤੋਂ ਜਲਦੀ ਹੀ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੰਗਲੌਰ, ਕੋਲਕਾਤਾ ਤੇ ਗੋਆ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਸਬੰਧੀ ਸਬੰਧਤ ਏਅਰਲਾਈਨਾਂ ਨੂੰ ਰੂਟ ਜਾਰੀ ਕਰ ਦਿੱਤੇ ਹਨ।
ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਕੀਤੀ ਮੁਲਾਕਾਤ
ਇਸ ਸਬੰਧੀ ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਲੰਧਰ ਦੇ ਲੋਕਾਂ ਦੀ ਸਹੂਲਤ ਲਈ ਲਿਖਤੀ ਪੱਤਰ ਸੌਂਪਿਆ। ਹੁਣ ਸਰਕਾਰ ਨੇ ਇਸ ਬਾਰੇ ਫੈਸਲਾ ਲਿਆ ਹੈ। ਜਲਦ ਹੀ ਉਕਤ ਰੂਟ 'ਤੇ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਜਲਦੀ ਹੀ ਆਦਮਪੁਰ ਹਵਾਈ ਅੱਡੇ ਤੋਂ ਉਪਰੋਕਤ ਉਡਾਣਾਂ ਸ਼ੁਰੂ ਹੋ ਜਾਣਗੀਆਂ, ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਦਿੱਲੀ ਲਈ ਫਲਾਈਟ ਨਹੀਂ ਲੈਣੀ ਪਵੇਗੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਸੰਸਦ ਮੈਂਬਰ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ।
5.0 ਤਹਿਤ ਜਲਦ ਉਡਾਣ ਭਰਨਗੀਆਂ ਫਲਾਈਟਾਂ
ਮੰਤਰਾਲੇ ਨੇ ਸੰਸਦ ਮੈਂਬਰ ਨੂੰ ਸੂਚਿਤ ਕੀਤਾ ਹੈ ਕਿ ਉਡਾਨ 5.0 ਦੇ ਤਹਿਤ, ਆਦਮਪੁਰ ਤੋਂ ਉਪਰੋਕਤ ਰੂਟ ਵੱਖ-ਵੱਖ ਏਅਰਲਾਈਨਾਂ ਨੂੰ ਅਲਾਟ ਕੀਤੇ ਗਏ ਹਨ, ਜਿਨ੍ਹਾਂ 'ਤੇ ਜਲਦੀ ਹੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਮੰਤਰਾਲੇ ਮੁਤਾਬਕ ਉਡਾਨ ਸਕੀਮ ਤਹਿਤ ਆਦਮਪੁਰ ਹਵਾਈ ਅੱਡੇ ਤੋਂ ਨਵੀਂ ਦਿੱਲੀ, ਮੁੰਬਈ ਅਤੇ ਜੈਪੁਰ ਲਈ ਉਡਾਣ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਤਿੰਨ ਸਾਲਾਂ ਦੇ ਵਕਫ਼ੇ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ।
ਸੁਸ਼ੀਲ ਰਿੰਕੂ ਨੇ ਦੱਸਿਆ ਕਿ ਇਸ ਹਵਾਈ ਅੱਡੇ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਦੇ ਉਦਘਾਟਨ ਤੋਂ ਬਾਅਦ ਇੱਥੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਪ੍ਰਵਾਸੀ ਭਾਰਤੀ ਅਤੇ ਉਦਯੋਗਿਕ ਹੱਬ ਵਜੋਂ ਮਸ਼ਹੂਰ ਦੁਆਬਾ ਖੇਤਰ ਨੂੰ ਵੱਡੇ ਸ਼ਹਿਰਾਂ ਨਾਲ ਹਵਾਈ ਸੰਪਰਕ ਮਿਲੇਗਾ।