ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੀ ਦੌਲਤ ਵਿੱਚ ਅਚਾਨਕ ਉਛਾਲ ਆਇਆ ਹੈ ਤੇ ਉਹ ਇੱਕ ਵਾਰ ਫਿਰ ਦੁਨੀਆ ਦੇ 20 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਮੰਗਲਵਾਰ ਨੂੰ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਸਵੇਰ ਦੇ ਕਾਰੋਬਾਰ 'ਚ ਅਡਾਨੀ ਟੋਟਲ ਗੈਸ ਦੇ ਸ਼ੇਅਰ 20 ਫ਼ੀਸਦੀ ਵਧੇ ਹਨ, ਜਿਸ ਕਾਰਨ ਉਨ੍ਹਾਂ ਦੇ ਸਮੂਹ ਦੀ ਬਾਜ਼ਾਰੀ ਕੀਮਤ 1 ਲੱਖ ਕਰੋੜ ਰੁਪਏ ਵਧ ਗਈ ਹੈ। ਇਸ ਵਾਧੇ ਤੋਂ ਬਾਅਦ ਉਹ ਬਲੂਮਬਰਗ ਅਰਬਪਤੀਆਂ ਦੀ ਸੂਚੀ (Bloomberg Billionaires List) ਦੇ ਟਾਪ-20 ਵਿੱਚ ਸ਼ਾਮਲ ਹੋ ਗਿਆ ਹੈ। ਉਸ ਦੀ ਕੁੱਲ ਜਾਇਦਾਦ 6.5 ਬਿਲੀਅਨ ਡਾਲਰ ਵਧ ਕੇ 66.7 ਬਿਲੀਅਨ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਉਹ ਇਸ ਸੂਚੀ 'ਚ 22ਵੇਂ ਸਥਾਨ 'ਤੇ ਸਨ।
ਸ਼ੇਅਰਾਂ 'ਚ ਜ਼ਬਰਦਸਤ ਵਾਧਾ
ਮੰਗਲਵਾਰ ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ ਦੇਖਿਆ ਗਿਆ। ਅਡਾਨੀ ਦੇ ਸਿਰਫ ਇਕ ਸ਼ੇਅਰ 'ਚ 20 ਫੀਸਦੀ ਦੀ ਵੱਡੀ ਉਛਾਲ ਦਰਜ ਕੀਤੀ ਗਈ ਅਤੇ ਹੋਰ ਸੂਚੀਬੱਧ ਸ਼ੇਅਰਾਂ 'ਚ ਵੀ ਉਛਾਲ ਆਇਆ। ਇਸ ਕਾਰਨ ਸਮੂਹ ਦੇ ਬਾਜ਼ਾਰ ਪੂੰਜੀਕਰਣ 'ਚ 1 ਲੱਖ ਕਰੋੜ ਰੁਪਏ ਦਾ ਵਾਧਾ ਦੇਖਿਆ ਗਿਆ। ਸਟਾਕ ਐਕਸਚੇਂਜ 'ਤੇ ਅਡਾਨੀ ਦੇ ਸੂਚੀਬੱਧ ਸ਼ੇਅਰ ਸੋਮਵਾਰ ਨੂੰ 10.27 ਲੱਖ ਕਰੋੜ ਰੁਪਏ 'ਤੇ ਸਨ, ਜੋ ਮੰਗਲਵਾਰ ਨੂੰ ਵਧ ਕੇ 11.31 ਲੱਖ ਕਰੋੜ ਰੁਪਏ ਹੋ ਗਏ। ਅਜਿਹੇ 'ਚ 1.04 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। 24 ਜਨਵਰੀ ਨੂੰ ਹਿੰਡਨਬਰਗ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਗਰੁੱਪ ਦੇ ਸ਼ੇਅਰ ਇੰਨੇ ਵਧੇ ਹਨ।
ਇਨ੍ਹਾਂ ਸ਼ੇਅਰਾਂ 'ਚ ਆਈ ਤੇਜ਼ੀ
ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰ 13 ਫੀਸਦੀ ਵਧੇ ਹਨ। ਇਸ ਤੋਂ ਬਾਅਦ ਅਡਾਨੀ ਪਾਵਰ ਦਾ ਸਟਾਕ 8.46 ਫੀਸਦੀ ਵਧਿਆ ਤੇ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ 7.84 ਫੀਸਦੀ ਵਧੇ। ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 7 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਉਥੇ ਹੀ ਅੱਜ ਅਡਾਨੀ ਵਿਲਮਰ ਦੇ ਸ਼ੇਅਰ 6.86 ਫੀਸਦੀ ਅਤੇ NDTV ਦੇ ਸ਼ੇਅਰ 6.42 ਫੀਸਦੀ ਵਧੇ ਹਨ। ਇਸ ਤੋਂ ਇਲਾਵਾ ਅਡਾਨੀ ਪੋਰਟਸ 3.71 ਫੀਸਦੀ, ਅੰਬੂਜਾ ਸੀਮੈਂਟਸ 3.66 ਫੀਸਦੀ ਅਤੇ ਏਸੀਸੀ 2.86 ਫੀਸਦੀ ਵਧੇ
ਇਸ ਕਾਰਨ ਵਧੇ ਅਡਾਨੀ ਦੇ ਸ਼ੇਅਰ?
ਹਿੰਡਨਬਰਗ ਮਾਮਲੇ ਦੀ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਹੋ ਗਈ ਹੈ ਅਤੇ ਅਦਾਲਤ ਨੇ ਪਿਛਲੇ ਹਫਤੇ ਹੀ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਖਬਰ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਫਿਰ ਤੋਂ ਤੇਜ਼ੀ ਆਉਣ ਲੱਗੀ ਹੈ।
13ਵੇਂ ਸਥਾਨ 'ਤੇ ਭਾਰਤ ਦੇ ਮੁਕੇਸ਼ ਅੰਬਾਨੀ
ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਬਲੂਮਬਰਗ ਅਰਬਪਤੀਆਂ ਦੀ ਸੂਚੀ ਵਿੱਚ 13ਵੇਂ ਸਥਾਨ 'ਤੇ ਹਨ। ਉਹਨਾਂ ਦੀ ਕੁੱਲ ਜਾਇਦਾਦ ਲਗਭਗ 89.5 ਬਿਲੀਅਨ ਡਾਲਰ ਹੈ। ਸਾਲ 2023 'ਚ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 2.34 ਅਰਬ ਡਾਲਰ ਦਾ ਵਾਧਾ ਹੋਇਆ ਹੈ। ਟੇਸਲਾ ਤੇ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲੋਨ ਮਸਕ ਅਜੇ ਵੀ ਅਮੀਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਹਨ। ਉਹਨਾਂ ਦੀ ਕੁੱਲ ਜਾਇਦਾਦ 228 ਬਿਲੀਅਨ ਡਾਲਰ ਹੈ। ਦੂਜੇ ਨੰਬਰ 'ਤੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦਾ ਨਾਂ ਆਉਂਦਾ ਹੈ, ਜਿਹਨਾਂ ਦੀ ਕੁੱਲ ਜਾਇਦਾਦ 171 ਅਰਬ ਡਾਲਰ ਹੈ। ਬਰਨਾਰਡ ਅਰਨੌਲਟ 167 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਹੈ।