ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅੱਜ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ, ਪੰਜਾਬ ਵਿਚ ਹਰਿਮੰਦਰ ਸਾਹਿਬ ਅਤੇ ਪਾਕਿਸਤਾਨ 'ਚ ਨਨਕਾਣਾ ਸਾਹਿਬ ਨੂੰ ਫੁੱਲਾਂ ਅਤੇ ਸੁੰਦਰ ਲਾਇਟਾਂ ਨਾਲ ਸਜਾਇਆ ਗਿਆ ਹੈ। ਅੱਜ ਦਿਨ ਭਰ ਸ੍ਰੀ ਹਰਿਮੰਦਰ ਸਾਹਿਬ ਵਿਖੇ 3 ਲੱਖ ਤੋਂ ਵੱਧ ਅਤੇ ਨਨਕਾਣਾ ਸਾਹਿਬ ਵਿਖੇ 1 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਮੱਥਾ ਟੇਕਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਅਦਾਕਾਰ ਕਰਮਜੀਤ ਅਨਮੋਲ ਨਾਲ ਅੰਮ੍ਰਿਤਸਰ ਵਿੱਚ ਮੱਥਾ ਟੇਕਿਆ।
ਗੁਰੂ ਘਰ ਨਤਮਸਤਕ ਹੋਏ CM ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਅੰਮ੍ਰਿਤਸਰ ਵਿਖੇ ਸਨ, ਇਸ ਲਈ ਉਨ੍ਹਾਂ ਨੇ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਹ ਹਰਿਮੰਦਰ ਸਾਹਿਬ ਨਹੀਂ ਗਏ ਤਾਂ ਜੋ ਸੰਗਤ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਮੀਡੀਆ ਨੇ ਉਨ੍ਹਾਂ ਤੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਜ਼ਮੀਨ ਦੇਣ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਉਹ ਅੱਜ ਕੋਈ ਸਿਆਸੀ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
ਹਰਿਮੰਦਰ ਸਾਹਿਬ ਫੁੱਲਾਂ ਅਤੇ ਸੁੰਦਰ ਲਾਇਟਾਂ ਨਾਲ ਸਜਾਇਆ ਗਿਆ ਹੈ। ਰਾਤ ਨੂੰ ਹਰਿਮੰਦਰ ਸਾਹਿਬ 'ਚ ਆਤਿਸ਼ਬਾਜ਼ੀ ਹੋਵੇਗੀ। ਇਸ ਵਾਰ ਪ੍ਰਦੂਸ਼ਣ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਿਸਮ ਦੇ ਪਟਾਕੇ ਚਲਾਉਣ ਜਾ ਰਹੀ ਹੈ। ਜਿਸ ਵਿੱਚ ਲਾਈਟਾਂ ਨਿਕਲਣਗੀਆਂ ਅਤੇ ਬਹੁਤ ਘੱਟ ਧੂੰਆਂ ਹੋਵੇਗਾ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ 'ਚ 1 ਲੱਖ ਤੋਂ ਵੱਧ ਘਿਓ ਦੇ ਦੀਵੇ ਵੀ ਜਗਾਏ ਜਾਣਗੇ।