ਖਨੌਰੀ ਬਾਰਡਰ 'ਤੇ ਭੁੱਖ ਹੜਤਾਲ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਹੈ| ਉਨ੍ਹਾਂ ਨੂੰ 103 ਡਿਗਰੀ ਬੁਖਾਰ ਹੈ| ਅਚਾਨਕ ਬਲੱਡ ਪ੍ਰੈਸ਼ਰ ਵਧਣ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਹੋ ਗਿਆ। ਦੱਸ ਦੇਈਏ ਕਿ ਉਨ੍ਹਾਂ ਦੇ ਭੁੱਖ ਹੜਤਾਲ 93ਵੇਂ ਦਿਨ ਜਾਰੀ ਹੈ|
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਕੱਲ੍ਹ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਦੇ ਸਿਰਾਂ 'ਤੇ ਪਾਣੀ ਦੀਆਂ ਪੱਟੀਆਂ ਰੱਖ ਕੇ ਬੁਖਾਰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਲੋਕਾਂ ਅਤੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਖਨੌਰੀ ਸਰਹੱਦ 'ਤੇ ਪਹੁੰਚਣ ਦੀ ਅਪੀਲ ਕੀਤੀ ਸੀ ਤਾਂ ਜੋ ਇਸ ਅੰਦੋਲਨ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਜਿੱਤਿਆ ਜਾ ਸਕੇ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਵੱਧ ਗਿਆ ਸੀ (176/107)। ਹੁਣ ਉਨ੍ਹਾਂ ਨੂੰ ਬੁਖਾਰ ਹੋ ਗਿਆ ਹੈ। ਮੈਡੀਕਲ ਰਿਪੋਰਟਾਂ ਵਿੱਚ, ਜਗਜੀਤ ਸਿੰਘ ਡੱਲੇਵਾਲ ਜੀ ਦੀ ਪਿਸ਼ਾਬ ਵਿੱਚ ਕੀਟੋਨ ਰਿਪੋਰਟ ਪਾਜ਼ੀਟਿਵ ਆਈ ਹੈ।
ਡੱਲੇਵਾਲ ਦੀ ਵਿਗੜਦੀ ਸਿਹਤ ਦੇ ਮੁੱਦੇ 'ਤੇ ਅੱਜ ਸ਼ਾਮ 5 ਵਜੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਇੱਕ ਐਮਰਜੈਂਸੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਹੁਣ ਕਿਸਾਨ 25 ਮਾਰਚ ਨੂੰ ਦਿੱਲੀ ਕੂਚ ਕਰਨਗੇ|
ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਵਿਚਕਾਰ MSP ਤੇ ਹੋਰ ਮੰਗਾਂ ਸਬੰਧੀ ਛੇਵੀਂ ਮੀਟਿੰਗ ਵੀ ਬੇਸਿੱਟਾ ਰਹੀ। ਚੰਡੀਗੜ੍ਹ ਵਿੱਚ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਮੀਟਿੰਗ 'ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸਮੇਤ ਪੰਜਾਬ ਕੈਬਨਿਟ ਦੇ ਤਿੰਨ ਮੰਤਰੀ ਵੀ ਮੌਜੂਦ ਸਨ। ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿੱਚ ਹੋਵੇਗੀ। ਇਹ ਕਿਸਾਨਾਂ ਦੀ ਕੇਂਦਰ ਨਾਲ ਪਹਿਲੀ ਮੀਟਿੰਗ ਨਹੀਂ ਸੀ, ਇਸ ਤੋਂ ਪਹਿਲਾਂ ਵੀ ਕੇਂਦਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਹੈ।