ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ਦੇ ਐੱਸਆਰ ਗੁਡਲਾਵੇਲੇਰੂ ਇੰਜੀਨੀਅਰਿੰਗ ਕਾਲਜ ਦੇ ਗਰਲਜ਼ ਹੋਸਟਲ ਦੇ ਵਾਸ਼ਰੂਮ 'ਚ ਇਕ ਹਿਡਨ ਕੈਮਰਾ ਮਿਲਿਆ ਹੈ। ਦੱਸ ਦੇਈਏ ਕਿ ਵੀਰਵਾਰ ਸ਼ਾਮ 7 ਵਜੇ ਕੈਮਰਾ ਮਿਲਣ ਤੋਂ ਬਾਅਦ ਵਿਦਿਆਰਥਣਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮਾਮਲੇ 'ਚ ਪੁਲਸ ਨੇ ਗੁਡਲਾਵੇਲੇਰੂ ਕਾਲਜ ਆਫ਼ ਇੰਜੀਨੀਅਰਿੰਗ ਦੇ ਬੀ.ਟੈਕ ਫਾਈਨਲ ਈਅਰ ਦੇ ਵਿਦਿਆਰਥੀ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦਾ ਮੋਬਾਇਲ ਅਤੇ ਲੈਪਟਾਪ ਵੀ ਜ਼ਬਤ ਕਰ ਲਿਆ ਗਿਆ ਹੈ।
ਅੱਧੀ ਰਾਤ ਨੂੰ ਕਾਲਜ ਕੈਂਪਸ ਵਿੱਚ ਜ਼ੋਰਦਾਰ ਪ੍ਰਦਰਸ਼ਨ
ਜਦੋਂ ਵਿਦਿਆਰਥਣਾਂ ਨੂੰ ਹਿਡਨ ਕੈਮਰੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕਾਲਜ ਕੈਂਪਸ ਵਿੱਚ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਰਾਤ ਸਮੇਂ ਉਨ੍ਹਾਂ ਮੋਬਾਈਲ ਫੋਨ ਦੀ ਲਾਈਟ ਜਗਾ ਕੇ ‘ਸਾਨੂੰ ਇਨਸਾਫ਼ ਚਾਹੀਦਾ ਹੈ’ ਦੇ ਨਾਅਰੇ ਲਗਾਏ। ਮੀਡੀਆ ਰਿਪੋਰਟਾਂ ਮੁਤਾਬਕ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਦੇ ਲੈਪਟਾਪ ਤੋਂ 300 ਤੋਂ ਵੱਧ ਵੀਡੀਓਜ਼ ਮਿਲੇ
ਪੁਲਸ ਨੇ ਉਸ ਕੋਲੋਂ ਇੱਕ ਲੈਪਟਾਪ ਵੀ ਬਰਾਮਦ ਕੀਤਾ ਹੈ। ਪੁਲਸ ਨੂੰ ਲੈਪਟਾਪ 'ਚ 300 ਦੇ ਕਰੀਬ ਅਸ਼ਲੀਲ ਵੀਡੀਓ ਮਿਲੇ ਹਨ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਵਿਜੇ ਨੇ ਇਹ 300 ਅਸ਼ਲੀਲ ਵੀਡੀਓ ਕਾਲਜ ਦੇ ਹੋਰ ਵਿਦਿਆਰਥੀਆਂ ਨੂੰ ਵੇਚੇ ਹਨ। ਹਾਲਾਂਕਿ, ਅਜੇ ਹੋਰ ਜਾਂਚ ਜਾਰੀ ਹੈ।
ਜਾਣੋ ਕਿਵੇਂ ਹੋਇਆ ਖੁਲਾਸਾ
ਇਕ ਦਿਨ ਇਕ ਵਿਦਿਆਰਥਣ ਨੂੰ ਗਰਲਜ਼ ਹੋਸਟਲ ਦੇ ਵਾਸ਼ਰੂਮ ਵਿਚ ਕੁਝ ਅਜੀਬ ਜਿਹਾ ਮਹਿਸੂਸ ਹੋਇਆ, ਜਿਸ ਦੌਰਾਨ ਉਸ ਨੇ ਦੇਖਿਆ ਕਿ ਵੀਡੀਓ ਬਣਾਉਣ ਲਈ ਉਥੇ ਇਕ ਹਿਡਨ ਕੈਮਰਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਉਸ ਨੇ ਕਾਲਜ ਪ੍ਰਸ਼ਾਸਨ ਨੂੰ ਹੋਸਟਲ ਦੇ ਵਾਸ਼ਰੂਮ ਵਿੱਚ ਹਿਡਨ ਕੈਮਰੇ ਦੀ ਸੂਚਨਾ ਦਿੱਤੀ। ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਾਲਜ ਦੀ ਇੱਕ ਵਿਦਿਆਰਥਣ ਨੇ ਕੁੜੀਆਂ ਦੇ ਵਾਸ਼ਰੂਮ ਵਿੱਚ ਕੈਮਰਾ ਲੁਗਾਉਣ ਵਿੱਚ ਵਿਜੇ ਦੀ ਮਦਦ ਕੀਤੀ ਸੀ।
ਸੀਐਮ ਚੰਦਰਬਾਬੂ ਨਾਇਡੂ ਨੇ ਜਾਂਚ ਦੇ ਹੁਕਮ ਦਿੱਤੇ
ਸੋਸ਼ਲ ਮੀਡੀਆ 'ਤੇ ਵਿਜੇ ਨਾਲ ਇਕ ਲੜਕੀ ਦੀ ਤਸਵੀਰ ਵੀ ਹੈ, ਜਿਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹੀ ਸੀ, ਜਿਸ ਨੇ ਕੈਮਰਾ ਛੁਪਾਇਆ ਸੀ। ਜਾਣਕਾਰੀ ਮੁਤਾਬਕ ਲੜਕੀ ਵਿਜੇ ਦੀ ਪ੍ਰੇਮਿਕਾ ਹੈ। ਵਿਜੇ ਨੇ ਸਭ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਦਾ ਵੀਡੀਓ ਬਣਾਇਆ। ਫਿਰ ਉਹ ਅਤੇ ਉਸਦੇ ਦੋਸਤਾਂ ਨੇ ਉਸਨੂੰ ਕੈਮਰਾ ਲਗਾਉਣ ਲਈ ਬਲੈਕਮੇਲ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਐਮ ਚੰਦਰਬਾਬੂ ਨਾਇਡੂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।