ਬੈਂਗਲੁਰੂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੋਮਵਾਰ (21 ਅਕਤੂਬਰ) ਨੂੰ ਆਂਗਣਵਾੜੀ ਤੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀਸੀ ਨੇ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਜਦਕਿ ਡਿਗਰੀਆਂ, ਮਾਸਟਰ ਡਿਗਰੀ, ਡਿਪਲੋਮਾ, ਇੰਜਨੀਅਰਿੰਗ ਅਤੇ ਆਈ.ਟੀ.ਆਈ. ਆਮ ਵਾਂਗ ਖੁੱਲੇ ਰਹਿਣਗੇ।
ਕਾਲਜਾਂ ਨੂੰ ਜਾਰੀ ਕੀਤੇ ਇਹ ਆਦੇਸ਼
ਕਾਲਜਾਂ ਦੇ ਮੁਖੀਆਂ ਅਤੇ ਅਧਿਕਾਰੀਆਂ ਨੂੰ ਕਮਜ਼ੋਰ ਅਤੇ ਖ਼ਰਾਬ ਇਮਾਰਤਾਂ ਦੀ ਵਰਤੋਂ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਕਲਾਸਾਂ ਉਹਨਾਂ ਇਮਾਰਤਾਂ 'ਚ ਕਰਵਾਈਆਂ ਜਾਣ ਜੋ ਸੁਰੱਖਿਅਤ ਤੇ ਚੰਗੀ ਹਾਲਤ 'ਚ ਹੋਣ। ਛੁੱਟੀਆਂ ਦੇ ਕਾਰਨ ਸਿੱਖਣ ਦੀ ਕਮੀ ਨੂੰ ਪੂਰਾ ਕਰਨ ਲਈ ਸ਼ਨੀਵਾਰ ਦੁਪਹਿਰ ਜਾਂ ਐਤਵਾਰ ਨੂੰ ਵਾਧੂ ਕਲਾਸਾਂ ਲਗਾਈਆਂ ਜਾ ਸਕਦੀਆਂ ਹਨ।
ਸੁਰੱਖਿਅਤ ਵਾਹਨਾਂ ਦੀ ਵਰਤੋਂ ਕਰਨ
ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਅਤੇ ਕਾਲਜ ਜਾਣ ਲਈ ਸੁਰੱਖਿਅਤ ਵਾਹਨਾਂ ਦੀ ਵਰਤੋਂ ਕਰਨ।
11 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ
ਜਦੋਂ ਕਿ ਮੌਸਮ ਵਿਭਾਗ (IMD) ਨੇ ਬੈਂਗਲੁਰੂ ਤੇ ਕਰਨਾਟਕ ਦੇ 11 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਗਲੇ ਦੋ ਦਿਨਾਂ ਤੱਕ ਸ਼ਹਿਰ 'ਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ ਵੱਧ ਤੋਂ ਵੱਧ 26 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ
ਇਸ ਦੇ ਨਾਲ ਹੀ ਉੱਤਰਾ ਕੰਨੜ, ਉਡੁਪੀ, ਬੇਲਾਗਵੀ, ਧਾਰਵਾੜ, ਹਾਵੇਰੀ, ਗਦਾਗ, ਸ਼ਿਵਮੋਗਾ, ਚਿੱਕਮਗਲੁਰੂ, ਹਸਨ, ਕੋਡਾਗੂ, ਚਿਤਰਦੁਰਗਾ, ਦਾਵਾਂਗੇਰੇ ਅਤੇ ਤੁਮਾਕੁਰੂ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।