ਪੰਜਾਬ 'ਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ । ਸਵੇਰ ਤੋਂ ਹੀ ਕਈ ਇਲਾਕਿਆਂ 'ਚ ਤੇਜ਼ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ । ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ
ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਕਪੂਰਥਲਾ, ਮੋਗਾ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।
ਦੱਸ ਦਈਏ ਕਿ ਸੂਬੇ 'ਚ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਨਾ ਹੋਣ ਕਾਰਨ ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵਿਭਾਗ ਅਨੁਸਾਰ ਤੇਜ਼ ਧੁੱਪ ਕਾਰਨ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 36 ਡਿਗਰੀ ਨੂੰ ਪਾਰ ਕਰ ਗਿਆ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਇਹ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਫਰੀਦਕੋਟ ਵਿੱਚ 39.5 ਡਿਗਰੀ, ਬਠਿੰਡਾ ਵਿੱਚ 37.9 ਡਿਗਰੀ, ਲੁਧਿਆਣਾ ਵਿੱਚ 36.3 ਡਿਗਰੀ ਅਤੇ ਅੰਮ੍ਰਿਤਸਰ ਵਿੱਚ 35.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਮੀਂਹ ਕਾਰਨ ਸਕੂਲਾਂ-ਕਾਲਜਾਂ 'ਚ ਛੁੱਟੀ
ਮੁੰਬਈ ਸਮੇਤ ਪੂਰੇ ਮਹਾਰਾਸ਼ਟਰ 'ਚ ਅੱਜ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੁੰਬਈ, ਠਾਣੇ, ਪਾਲਘਰ, ਪੁਣੇ ਅਤੇ ਪਿੰਪਰੀ-ਚਿੰਚਵਾੜ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ। ਮੁੰਬਈ ਹਵਾਈ ਅੱਡੇ 'ਤੇ 14 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਲੋਕਲ ਟਰੇਨਾਂ ਵੀ ਦੇਰੀ ਨਾਲ ਚੱਲੀਆਂ।
ਹਿਮਾਚਲ 'ਚ ਭਾਰੀ ਮੀਂਹ ਕਾਰਨ ਤਬਾਹੀ
ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਕਾਫੀ ਤਬਾਹੀ ਮਚਾਈ। ਜਿਸ ਕਾਰਨ ਇਲਾਕੇ ਦੀਆਂ 11 ਪੰਚਾਇਤਾਂ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। ਜਿਸ ਕਾਰਨ 11 ਪੰਚਾਇਤਾਂ ਦਾ ਸੰਪਰਕ ਟੁੱਟ ਗਿਆ। ਇਸ ਤੋਂ ਇਲਾਵਾ ਪਾਉਂਟਾ ਸਾਹਿਬ ਦੀ ਅੰਬੋਆ ਪੰਚਾਇਤ ਦੇ ਪਿੰਡ ਅਟਵਾਲ ਵਿੱਚ ਮਲਬੇ ਹੇਠ ਦੱਬਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਭਾਰੀ ਮੀਂਹ ਅਤੇ ਸੜਕਾਂ ਦੇ ਨੁਕਸਾਨ ਦੇ ਮੱਦੇਨਜ਼ਰ ਐਸਡੀਐਮ ਪਾਉਂਟਾ ਸਾਹਿਬ ਗੁਣਜੀਤ ਚੀਮਾ ਨੇ ਡਵੀਜ਼ਨ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।