ਪੰਜਾਬ ਵਿੱਚ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ, ਜਿਸ ਕਾਰਣ ਠੰਡ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਹਿਮਾਚਲ 'ਚ ਹੋ ਰਹੀ ਬਰਫਬਾਰੀ ਕਾਰਣ ਵੀ ਤਾਪਮਾਨ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਦਿਨ ਦੇ ਤਾਪਮਾਨ 'ਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਹੇਠਾਂ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ 5 ਦਸੰਬਰ ਨੂੰ ਸਵੇਰੇ ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ।
ਸਵੇਰੇ 5 ਵਜੇ ਤੋਂ 7 ਵਜੇ ਤੱਕ ਧੁੰਦ ਇੰਨੀ ਸੰਘਣੀ ਸੀ ਕਿ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਸੀ। ਡਰਾਈਵਰਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਅੱਗੇ ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਸੀ।
ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ
ਪੰਜਾਬ ਦੇ ਫਰੀਦਕੋਟ ਵਿੱਚ ਸਭ ਤੋਂ ਵੱਧ 25.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 23.3 ਡਿਗਰੀ, ਲੁਧਿਆਣਾ 'ਚ 22.5, ਪਟਿਆਲਾ 'ਚ 24.5, ਪਠਾਨਕੋਟ 'ਚ 23.2, ਬਠਿੰਡਾ 'ਚ 24.2, ਗੁਰਦਾਸਪੁਰ 'ਚ 21.0, ਐੱਸ.ਬੀ.ਐੱਸ.ਨਗਰ 'ਚ 21.4, ਬਰਨਾਲਾ 'ਚ 23.1 ਡਿਗਰੀ, ਜਲੰਧਰ 'ਚ 21.9 ਡਿਗਰੀ ਸੈਲਸੀਅਸ ਤੇ ਮੋਗਾ 'ਚ 22.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਘੱਟੋ-ਘੱਟ ਤਾਪਮਾਨ 'ਚ 0.2 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.1 ਡਿਗਰੀ ਵੱਧ ਰਹਿੰਦਾ ਹੈ।