ਉੱਤਰ ਪ੍ਰਦੇਸ਼ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ ਕਾਫੀ ਜਾਨੀ ਨੁਕਸਾਨ ਹੋਇਆ। ਹਾਦਸੇ ਵਿੱਚ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।
4 ਲੋਕਾਂ ਦੀ ਗਈ ਜਾਨ
ਇਹ ਹਾਦਸਾ ਬਾਰਾਬੰਕੀ ਦੇ ਲੋਨੀ ਕਟੜਾ ਥਾਣਾ ਖੇਤਰ ਦੇ ਅਧੀਨ ਆਉਂਦੇ ਫੁਟਾਹਾ ਭਵਾਨੀਪੁਰ ਪਿੰਡ ਨੇੜੇ ਵਾਪਰਿਆ। ਜਿੱਥੇ ਛੱਤੀਸਗੜ੍ਹ ਤੋਂ ਅਯੁੱਧਿਆ ਜਾ ਰਹੀ ਇੱਕ ਬੱਸ ਖਰਾਬੀ ਕਾਰਨ ਹਾਈਵੇਅ ਦੇ ਕਿਨਾਰੇ ਖੜ੍ਹੀ ਸੀ। ਇਸ ਦੌਰਾਨ, ਮਹਾਰਾਸ਼ਟਰ ਤੋਂ ਅਯੁੱਧਿਆ ਜਾ ਰਹੇ ਇੱਕ ਟੈਂਪੋ ਟਰੈਵਲਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ
ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸਾਰੇ ਮ੍ਰਿਤਕ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਦੀਪਕ, ਸੁਨੀਲ ਬਾੜਮੇਰ, ਅਨੁਸੂਈਆ ਅਤੇ ਜੈਸ਼੍ਰੀ ਵਜੋਂ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੈਵਲਰ ਬੱਸ ਨਾਲ ਪੂਰੀ ਚਿਪਕ ਗਈ। ਗੈਸ ਕਟਰ ਨਾਲ ਟ੍ਰੈਵਲਰ ਨੂੰ ਕੱਟਿਆ ਗਿਆ ਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਲਗਭਗ ਦੋ ਘੰਟੇ ਦੀ ਬਚਾਅ ਮੁਹਿੰਮ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਸਕਿਆ।