ਜਲੰਧਰ 'ਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਰਾਮਾਮੰਡੀ ਦੇ ਨਿਊ ਅਰਜੁਨ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਸਾਬਕਾ ਕੌਂਸਲਰ ਦੇ ਘਰ ਦਾਖਲ ਹੋ ਕੇ ਇਕ ਔਰਤ ਦੀ ਸੋਨੇ ਦੀ ਚੇਨ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ।
ਸੋਨੇ ਦੀ ਚੇਨ ਲੁੱਟ ਕੇ ਫਰਾਰ
ਦੱਸ ਦੇਈਏ ਕਿ ਇਹ ਘਟਨਾ ਸਾਬਕਾ ਕੌਂਸਲਰ ਨਿਰਮਲ ਸਿੰਘ ਉਰਫ਼ ਨਿੰਮਾ ਦੇ ਘਰ ਉਸ ਦੀ ਭਰਜਾਈ ਨਾਲ ਵਾਪਰੀ। ਸੀਸੀਟੀਵੀ ਵਿੱਚ ਮੁਲਜ਼ਮ ਘਰ ਵਿੱਚ ਦਾਖ਼ਲ ਹੋ ਕੇ ਸੋਨੇ ਦੀ ਚੇਨ ਖੋਂਹਦੇ ਨਜ਼ਰ ਆ ਰਹੇ ਹਨ। ਮੁਲਜ਼ਮਾਂ ਵਿੱਚੋਂ ਇੱਕ ਬਾਈਕ ’ਤੇ ਬਾਹਰ ਖੜ੍ਹਾ ਸੀ ਤੇ ਦੂਜੇ ਲੁਟੇਰੇ ਨੇ ਘਰ ਦੇ ਅੰਦਰੋਂ ਪੀੜਤਾ ਕਮਲਜੀਤ ਕੌਰ ਦੀ ਸੋਨੇ ਦੀ ਚੇਨ ਜ਼ਬਰਦਸਤੀ ਲਾਹ ਲਈ। ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ।
ਮੁਲਜ਼ਮ ਲੰਮਾ ਪਿੰਡ ਚੌਕ ਵੱਲ ਭੱਜ ਗਏ
ਇਸ ਘਟਨਾ ਤੋਂ ਬਾਅਦ ਸਾਬਕਾ ਕੌਂਸਲਰ ਨੇ ਰਾਮਾਮੰਡੀ ਥਾਣੇ ਵਿੱਚ ਇਸ ਸਾਰੀ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਸੰਤੋਖਪੁਰਾ ਦੇ ਰਸਤੇ ਲੰਮਾ ਪਿੰਡ ਚੌਕ ਵੱਲ ਫਰਾਰ ਹੋ ਗਏ।
ਜਾਣੋ ਪੂਰਾ ਮਾਮਲਾ
ਕਮਲਜੀਤ ਕੌਰ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਇੱਕ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਰਹੀ ਸੀ। ਉਦੋਂ ਬਾਈਕ ਸਵਾਰ ਦੋ ਨੌਜਵਾਨ ਘਰ ਦੇ ਸਾਹਮਣੇ ਮੋਬਾਇਲ ਦੀ ਦੁਕਾਨ ਨੇੜੇ ਆ ਕੇ ਰੁਕ ਗਏ। ਕਮਲਜੀਤ ਸਬਜ਼ੀ ਲੈ ਕੇ ਵਾਪਸ ਘਰ ਚਲੀ ਗਈ। ਸੜਕ ਖਾਲੀ ਦੇਖ ਕੇ ਲੁਟੇਰੇ ਨੇ ਘਰ ਦਾ ਦਰਵਾਜ਼ਾ ਖੜਕਾਇਆ।
ਪਤਾ ਪੁੱਛਣ ਦੇ ਬਹਾਨੇ ਘਰ ਵਿੱਚ ਦਾਖ਼ਲ ਹੋਇਆ
ਕਮਲਜੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਬਜ਼ੁਰਗ ਖੜ੍ਹਾ ਕਿਸੇ ਦਾ ਪਤਾ ਪੁੱਛ ਰਿਹਾ ਸੀ। ਬਜ਼ੁਰਗ ਨੂੰ ਦੇਖ ਕੇ ਉਸ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇਸ ਦੌਰਾਨ ਉਹ ਗੱਲਾਂ ਕਰਦੇ ਹੋਏ ਘਰ 'ਚ ਦਾਖਲ ਹੋਇਆ ਅਤੇ ਕਮਲਜੀਤ ਨੂੰ ਧੱਕਾ ਦੇ ਕੇ ਉਸ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ।