ਕਰਨਾਟਕ ਵਿੱਚ ਸ਼ੁੱਕਰਵਾਰ (28 ਜੂਨ) ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸੂਬੇ ਦੇ ਹਾਵੇਰੀ ਜ਼ਿਲ੍ਹੇ 'ਚ ਪੁਣੇ-ਬੈਂਗਲੁਰੂ ਰਾਸ਼ਟਰੀ ਹਾਈਵੇਅ 'ਤੇ ਵਾਪਰਿਆ | ਇੱਕ ਟੈਂਪੋ ਟਰੈਵਲਰ ਵਾਹਨ ਨੇ ਪਿੱਛੇ ਤੋਂ ਆ ਕੇ ਇੱਕ ਖੜੀ ਲਾਰੀ ਨੂੰ ਟੱਕਰ ਮਾਰ ਦਿੱਤੀ| ਇਸ ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਜ਼ਿਲ੍ਹੇ ਦੇ ਬਾਗੜੀ ਤਾਲੁਕ 'ਚ ਗੁੰਡੇਨਹੱਲੀ ਕਰਾਸ ਨੇੜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਪੀੜਤ ਸ਼ਿਵਮੋਗਾ ਦੇ ਵਸਨੀਕ ਹਨ ਅਤੇ ਦੇਵੀ ਯੱਲਮਾ ਦੇ ਦਰਸ਼ਨਾਂ ਲਈ ਤੀਰਥ ਯਾਤਰਾ ਤੋਂ ਬਾਅਦ ਬੇਲਾਗਾਵੀ ਜ਼ਿਲ੍ਹੇ ਦੇ ਸਾਵਦੱਤੀ ਤੋਂ ਵਾਪਸ ਆ ਰਹੇ ਸਨ। ਟੈਂਪੋ ਟਰੈਵਲਰ ਬੁਰੀ ਤਰ੍ਹਾਂ ਨੁਕਸਾਨੀ ਗਈ | ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਫਾਇਰਫਾਈਟਰਜ਼ ਨੇ ਟਰੈਵਲਰ ਦੇ ਅੰਦਰੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਵੀ ਜਾਨ ਚਲੀ ਗਈ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ
ਮ੍ਰਿਤਕਾਂ ਦੀ ਪਛਾਣ ਪਰਸ਼ੂਰਾਮ (45), ਭਾਗਿਆ (40), ਨਾਗੇਸ਼ (50), ਵਿਸ਼ਾਲਾਕਸ਼ੀ (50), ਸੁਭਦਰਾ ਬਾਈ (65), ਪੁੰਨਿਆ (50), ਮੰਜੁਲਾ ਬਾਈ (57), ਡਰਾਈਵਰ ਆਦਰਸ਼ (23), ਮਾਨਸਾ (24), ਰੂਪਾ (40), ਮੰਜੁਲਾ (50) ਅਤੇ 4 ਅਤੇ 6 ਸਾਲ ਦੀ ਉਮਰ ਦੇ ਦੋ ਬੱਚੇ ਦੇ ਰੂਪ 'ਚ ਹੋਈ ਹੈ। ਅਰਪਿਤਾ (18) ਅਤੇ ਤਿੰਨ ਹੋਰ ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸੇ ਦਾ ਅਸਲੀ ਕਾਰਨ ਕੀ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਟਰੈਵਲਰ ਦੀ ਰਫਤਾਰ ਬਹੁਤ ਜ਼ਿਆਦਾ ਸੀ, ਜਿਸ ਕਰਕੇ ਇਹ ਲਾਰੀ ਨਾਲ ਟਕਰਾ ਗਈ।