ਵਿਸਰਦੇ ਹੋਏ ਇਤਿਹਾਸ ਨੂੰ ਬੱਚਿਆਂ ਤੱਕ ਪਹੁੰਚਾਉਣਾ ਬਹੁਤ ਹੀ ਅਹਿਮ ਹੈ ਤੇ ਇਸ ਜ਼ਿੰਮੇਵਾਰੀ ਨੂੰ ਸਾਡਾ ਨਾਟ ਘਰ ਸਮੇਂ-ਸਮੇਂ ਉਤੇ ਨਿਭਾਉਂਦਾ ਰਹਿੰਦਾ ਹੈ । ਇਸ ਸੋਮਵਾਰ ਸਾਡਾ ਨਾਟ ਘਰ ਦੇ 181ਵੇਂ ਪ੍ਰੋਗਰਾਮ ਵਿਚ ਸ਼ਹੀਦੀਂ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦਰਸਾਉਂਦਾ ਦਲਜੀਤ ਸੋਨਾ ਵਲੋਂ ਨਿਰਦੇਸ਼ਿਤ ਨਾਟਕ “ਸਾਕਾ - ਏ - ਸਰਹਿੰਦ” ਪੇਸ਼ ਕੀਤਾ ਗਿਆ।
ਸ਼ਹਾਦਤ ਤੱਕ ਦਾ ਸਫ਼ਰ ਦਿਖਾਇਆ ਗਿਆ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦਾ ਸਫ਼ਰ ਇਸ ਨਾਟਕ ਵਿਚ ਦਿਖਾਇਆ ਗਿਆ। ਦਲਜੀਤ ਸੋਨਾ, ਮਨਿੰਦਰ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਅਨਮੋਲਪ੍ਰੀਤ ਕੌਰ, ਮਨਪ੍ਰੀਤ ਸਨਿਆਲ, ਪ੍ਰਭਜੋਤ ਕੌਰ, ਹਰਮਨਜੋਤ ਸਿੰਘ ਅਤੇ ਫਕੀਰਚੰਦ ਨੇ ਇਸ ਨਾਟਕ ਵਿਚ ਵੱਖ-ਵੱਖ ਇਤਿਹਾਸਕ ਕਿਰਦਾਰ ਨਿਭਾਏ। ਨਾਟਕ ਨੂੰ ਦਰਸ਼ਕਾਂ ਨੇ ਖ਼ਾਸਕਰ ਕੇ ਬੱਚਿਆਂ ਨੇ ਬਹੁਤ ਪਸੰਦ ਕੀਤਾ। ਸਭ ਦੀ ਧਾਰਮਿਕ ਇਤਿਹਾਸ ਦੀ ਜਾਣਕਾਰੀ ਦੀ ਪਰਖ ਵੀ ਇੱਕ ਕੁਇਜ਼ ਕੰਪੀਟੀਸ਼ਨ ਰਾਹੀਂ ਕੀਤੀ ਗਈ, ਜਿਸ ਵਿਚ ਸੁਰਿੰਦਰ ਸਿੰਘ ਨਾਗੀ ਅਤੇ ਹਰਮਨਪ੍ਰੀਤ ਸਿੰਘ ਨੇ ਇਨਾਮ ਜਿੱਤੇ।
ਧਾਰਮਕ ਸ਼ਬਦਾਂ ਨਾਲ ਲਗਵਾਈ ਹਾਜ਼ਰੀ
ਜਸਲੀਨ ਕੌਰ, ਹਰਪ੍ਰੀਤ ਕੌਰ, ਹਰਮਨਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਨਾਗੀ ਨੇ ਧਾਰਮਕ ਸ਼ਬਦਾਂ ਰਾਹੀਂ ਪ੍ਰੋਗਰਾਮ ਵਿਚ ਆਪਣੀ ਹਾਜ਼ਰੀ ਲਵਾਈ। ਅੰਤ ਵਿਚ ਸਭ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ।
ਅਗਲੇ ਸੋਮਵਾਰ ਇਹ ਨਾਟਕ ਕੀਤੇ ਜਾਣਗੇ ਪੇਸ਼
ਅਗਲੇ ਸੋਮਵਾਰ ਸਦਾਬਹਾਰ ਗਾਇਕ ਮੁਹੰਮਦ ਰਫੀ ਦੀ 100ਵੀਂ ਬਰਸੀ ਦੇ ਮੌਕੇ ਉਨਾਂ ਦੀ ਜ਼ਿੰਦਗੀ ਉਤੇ ਅਧਾਰਿਤ ਦਲਜੀਤ ਸੋਨਾ ਵਲੋਂ ਲਿਖਿਤ ਤੇ ਨਿਰਦੇਸ਼ਿਤ ਨਾਟਕ “ਫੀਕੋ” ਦੀ ਖ਼ਾਸ ਪੇਸ਼ਕਾਰੀ ਕੀਤੀ ਜਾਵੇਗੀ ਤੇ 30 ਤਰੀਕ ਨੂੰ ਫਿਰ ਤੋਂ ਨਾਟਕ “ਸਾਕਾ - ਏ - ਸਰਹਿੰਦ” ਪੇਸ਼ ਕੀਤਾ ਜਾਵੇਗਾ।