ਜਲੰਧਰ ਵੈਸਟ ਵਿਧਾਨਸਭਾ ਸੀਟ ਤੇ 10 ਜੁਲਾਈ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਇਸ ਚੋਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇੱਕ ਪਾਸੇ ਜਿੱਥੇ ਚੋਣਾਂ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਜਲੰਧਰ ਕੈਂਟ ਹਲਕੇ ਦੇ ਦੀਪ ਨਗਰ ਵਿੱਚ ਕਿਰਾਏ 'ਤੇ ਮਕਾਨ ਲੈ ਲਿਆ ਹੈ, ਉੱਥੇ ਹੀ ਦੂਜੇ ਪਾਸੇ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਦੇ ਮਾਮਲੇ ਵਿੱਚ ਸੁਸ਼ੀਲ ਰਿੰਕੂ ਨੇ 'ਆਪ' ਪਾਰਟੀ 'ਤੇ ਗੰਭੀਰ ਦੋਸ਼ ਲਗਾਏ ਹਨ।
ਸ਼ੀਤਲ ਅੰਗੁਰਾਲ ਨੂੰ ਭਾਜਪਾ ਵਲੋਂ ਮਿਲ ਸਕਦੀ ਹੈ ਟਿਕਟ
ਦਰਅਸਲ, ਵੀਡੀਓ ਜਾਰੀ ਕਰਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਜਿਵੇਂ ਹੀ ਸ਼ੀਤਲ ਅੰਗੁਰਾਲ ਨੂੰ ਟਿਕਟ ਮਿਲੇਗੀ, ਉਨ੍ਹਾਂ ਦੇ ਖਿਲਾਫ ਬਦਲਾਖੋਰੀ ਦੀ ਰਾਜਨੀਤੀ ਤਹਿਤ ਪਰਚਾ ਦਰਜ ਕੀਤਾ ਜਾਵੇਗਾ। ਰਿੰਕੂ ਨੇ ਕਿਹਾ ਕਿ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਸੂਤਰ ਹੁੰਦੇ ਹਨ | ਉਸੇ ਤਰ੍ਹਾਂ ਹੀ ਉਨ੍ਹਾਂ ਦੇ ਪੁਲਿਸ ਸੂਤਰਾਂ ਤੋਂ ਉਨ੍ਹਾਂ ਨੂੰ ਸ਼ੀਤਲ ਅੰਗੁਰਾਲ ਵੱਲੋਂ ਟਿਕਟ ਮਿਲਦੇ ਹੀ ਪਰਚਾ ਦਰਜ ਕਰਨ ਬਾਰੇ ਜਾਣਕਾਰੀ ਮਿਲੀ ਹੈ | ਇਸ ਦੇ ਨਾਲ ਹੀ ਸੁਸ਼ੀਲ ਰਿੰਕੂ ਨੇ ਪੱਛਮੀ ਹਲਕੇ ਤੋਂ ਸ਼ੀਤਲ ਅੰਗੁਰਾਲ ਨੂੰ ਭਾਜਪਾ ਵਲੋਂ ਟਿਕਟ ਦੇਣ ਦੇ ਸੰਕੇਤ ਵੀ ਦਿੱਤੇ ਹਨ।
ਸ਼ੀਤਲ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਦਰਅਸਲ ਬੀਤੀ ਦੇਰ ਰਾਤ ਸੁਸ਼ੀਲ ਰਿੰਕੂ ਨੇ ਲਾਈਵ ਹੋ ਕੇ ਕਿਹਾ ਕਿ ਸਾਡੀ ਪਾਰਟੀ ਵਲੋਂ ਸ਼ੀਤਲ ਨੂੰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਉਸ ਨੂੰ ਕਿਸੇ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ। ਰਿੰਕੂ ਨੇ ਕਿਹਾ ਕਿ ਮੇਰੇ ਸੂਤਰਾਂ ਨੇ ਦੱਸਿਆ ਹੈ ਕਿ ਜੇਕਰ ਸ਼ੀਤਲ ਅੰਗੁਰਾਲ ਭਾਜਪਾ ਦੀ ਉਮੀਦਵਾਰ ਹੁੰਦੇ ਹਨ ਤਾਂ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। 'ਆਪ' ਛੱਡਣ ਤੋਂ ਬਾਅਦ ਸ਼ੀਤਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦੋਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦਾ ਹਿੱਸਾ ਸੀ | ਉਸ ਸਮੇਂ ਕਿਸੇ ਆਗੂ ਜਾਂ ਪੁਲਿਸ ਨੇ ਕਦੇ ਉਂਗਲ ਨਹੀਂ ਉਠਾਈ। ਪਰ ਜਦੋਂ ਤੋਂ ਸ਼ੀਤਲ ਭਾਜਪਾ 'ਚ ਸ਼ਾਮਲ ਹੋਏ, ਸ਼ੀਤਲ 'ਤੇ ਮਾਮਲਾ ਦਰਜ ਕਰਨ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਰਿੰਕੂ ਨੇ ਕਿਹਾ- ਸ਼ੀਤਲ ਦੀ ਟਿਕਟ ਦਾ ਐਲਾਨ ਹੁੰਦੇ ਹੀ ਪੁਲਿਸ ਉਸ ਨੂੰ ਕਿਸੇ ਨਾ ਕਿਸੇ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ।
'ਆਪ' ਦੀਆਂ ਨੀਤੀਆਂ 'ਤੇ ਉਠਾਏ ਸਵਾਲ
ਜਲੰਧਰ 'ਚ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ (ਹੁਣ ਭਾਜਪਾ 'ਚ ਹਨ) ਨੇ 'ਆਪ' ਦੀਆਂ ਨੀਤੀਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਲੋਕ ਸਭਾ ਚੋਣ ਵਿੱਚ ਰਿੰਕੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਿੰਕੂ ਨੇ ਕਿਹਾ- ਅੱਜ ਮੈਂ ਲਾਈਵ ਇਸ ਲਈ ਆਇਆ ਹਾਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਵਿਰੋਧੀ ਧਿਰ ਨੂੰ ਕਿਸ ਤਰ੍ਹਾਂ ਨਿਸ਼ਾਨਾ ਬਣਾ ਰਹੀ ਹੈ। ਰਿੰਕੂ, 'ਆਪ' ਸਿਰਫ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਰਿੰਕੂ ਨੇ ਕਿਹਾ- ਮੈਂ ਡੀਜੀਪੀ ਗੌਰਵ ਯਾਦਵ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਵੀ ਪਾਰਟੀ ਦੇ ਦਬਾਅ ਹੇਠ ਕੋਈ ਗੈਰ-ਕਾਨੂੰਨੀ ਕਾਰਵਾਈ ਨਾ ਕਰਨ|