ਖਬਰਿਸਤਾਨ ਨੈੱਟਵਰਕ- ਮਸ਼ਹੂਰ ਗਾਇਕ ਜ਼ੁਬਿਨ ਗਰਗ ਦੀ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਇੱਕ ਦੁਖਦਾਈ ਹਾਦਸੇ ਵਿੱਚ ਮੌਤ ਹੋ ਗਈ। ਜ਼ੁਬੀਨ ਗਰਗ ਨੇ ਫਿਲਮ "ਗੈਂਗਸਟਰ" ਦੇ ਗੀਤ "ਯਾ ਅਲੀ" ਨਾਲ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਗਾਇਕ ਦੇ ਅਚਾਨਕ ਦੇਹਾਂਤ ਨਾਲ ਇੰਡਸਟਰੀ ਵਿੱਚ ਸੋਗ ਫੈਲ ਗਿਆ। ਜ਼ੁਬਿਨ ਦੀ ਉਮਰ 52 ਸਾਲ ਸੀ।
ਅਸਾਮ ਦੇ ਕੈਬਨਿਟ ਮੰਤਰੀ ਅਸ਼ੋਕ ਸਿੰਘਲ ਨੇ ਇੱਕ ਪੋਸਟ ਵਿੱਚ ਜ਼ੁਬੀਨ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਲਿਖਿਆ, "ਅਸੀਂ ਆਪਣੀ ਪਿਆਰੇ ਜ਼ੁਬੀਨ ਗਰਗ ਦੇ ਅਚਾਨਕ ਦੇਹਾਂਤ ਤੋਂ ਬਹੁਤ ਦੁਖੀ ਹਾਂ। ਅਸਾਮ ਨੇ ਨਾ ਸਿਰਫ਼ ਇੱਕ ਆਵਾਜ਼, ਸਗੋਂ ਇੱਕ ਦਿਲ ਦੀ ਧੜਕਣ ਵੀ ਗੁਆ ਦਿੱਤੀ ਹੈ। ਜ਼ੁਬੀਨ ਸਿਰਫ਼ ਇੱਕ ਗਾਇਕ ਹੀ ਨਹੀਂ ਸੀ, ਉਹ ਅਸਾਮ ਅਤੇ ਦੇਸ਼ ਦਾ ਮਾਣ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਜ਼ੁਬੀਨ ਗਰਗ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਦਾ ਆਨੰਦ ਮਾਣ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਉਸ ਨੂੰ ਤੁਰੰਤ ਸਮੁੰਦਰ ਤੋਂ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਜ਼ੁਬਿਨ ਨੇ ਅੱਜ ਸਿੰਗਾਪੁਰ ਵਿੱਚ ਨੌਰਥ ਈਸਟ ਫੈਸਟੀਵਲ ਵਿੱਚ ਪ੍ਰਫਾਰਮ ਕਰਨਾ ਸੀ।
ਜ਼ੁਬਿਨ ਗਰਗ ਕੌਣ ਸੀ?
1972 ਵਿੱਚ ਮੇਘਾਲਿਆ ਵਿੱਚ ਜਨਮੇ ਜ਼ੁਬਿਨ ਇੱਕ ਅਸਾਮੀ ਗਾਇਕ ਸਨ। ਉਨ੍ਹਾਂ ਦਾ ਅਸਲੀ ਨਾਮ ਜ਼ੁਬਿਨ ਬੋਰਠਾਕੁਰ ਸੀ। ਜ਼ੁਬਿਨ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। 20 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਆਪਣਾ ਪਹਿਲਾ ਅਸਾਮੀ ਐਲਬਮ, "ਅਨਾਮਿਕਾ" ਰਿਲੀਜ਼ ਕੀਤਾ। 2006 ਵਿੱਚ, ਉਨ੍ਹਾਂ ਨੇ ਫਿਲਮ "ਗੈਂਗਸਟਰ" ਦਾ "ਯਾ ਅਲੀ" ਗੀਤ ਗਾਇਆ। ਇਸ ਚਾਰਟਬਸਟਰ ਦੀ ਸਫਲਤਾ ਨੇ ਉਨ੍ਹਾਂ ਨੂੰ ਦੇਸ਼ ਵਿਆਪੀ ਪ੍ਰਸਿੱਧੀ ਦਿਵਾਈ।
ਜ਼ੁਬਿਨ ਗਰਗ ਨੇ ਆਪਣੇ 30 ਸਾਲਾਂ ਦੇ ਕਰੀਅਰ ਵਿੱਚ 40 ਤੋਂ ਵੱਧ ਭਾਸ਼ਾਵਾਂ ਵਿੱਚ 38,000 ਤੋਂ ਵੱਧ ਗਾਣੇ ਰਿਕਾਰਡ ਕੀਤੇ, ਜਿਸ ਨਾਲ ਉਹ ਭਾਰਤ ਦੇ ਸਭ ਤੋਂ ਵੱਧ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਬਣ ਗਏ। ਉਨ੍ਹਾਂ ਨੇ "ਦਿਲ ਸੇ," "ਫਿਜ਼ਾ," "ਮੁਝੇ ਕੁਛ ਕਹਿਨਾ ਹੈ," "ਕ੍ਰਿਸ਼ 3," ਅਤੇ "ਨਮਸਤੇ ਲੰਡਨ" ਵਰਗੀਆਂ ਫਿਲਮਾਂ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।