ਇੰਡੀਗੋ ਏਅਰਲਾਈਨਜ਼ ਦੀ ਫਲਾਈਟ (6E-7468) ਦਾ ਇੰਜਣ 18 ਹਜ਼ਾਰ ਫੁੱਟ ਦੀ ਉਚਾਈ 'ਤੇ ਫੇਲ੍ਹ ਹੋ ਗਿਆ। ਫਲਾਈਟ 'ਚ 70 ਯਾਤਰੀ ਸਵਾਰ ਸਨ। ਫਲਾਈਟ ਦੀ ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ 30 ਮਿੰਟ ਤੱਕ ਹਵਾ 'ਚ ਰੱਖਿਆ ਗਿਆ।
ਜੈਪੁਰ ਏਅਰਪੋਰਟ ਤੋਂ ਦੇਹਰਾਦੂਨ ਲਈ ਭਰੀ ਸੀ ਉਡਾਣ
ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 7 ਵਜੇ ਦੀ ਹੈ। ਦੱਸ ਦੇਈਏ ਕਿ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੇ 19 ਨਵੰਬਰ ਨੂੰ ਸ਼ਾਮ 5:55 ਵਜੇ ਜੈਪੁਰ ਏਅਰਪੋਰਟ ਤੋਂ ਦੇਹਰਾਦੂਨ ਲਈ ਉਡਾਣ ਭਰਨੀ ਸੀ ਪਰ ਤਕਨੀਕੀ ਕਾਰਨਾਂ ਕਰਕੇ ਫਲਾਈਟ ਨੇ ਤੈਅ ਸਮੇਂ ਤੋਂ 40 ਮਿੰਟ ਪਛੜ ਕੇ ਸ਼ਾਮ 6:35 ਵਜੇ ਦੇਹਰਾਦੂਨ ਲਈ ਉਡਾਣ ਭਰੀ। .
ਇੰਜਣ ਵਿਚ ਆਈ ਖਰਾਬੀ
ਕਰੀਬ 25 ਮਿੰਟਾਂ ਬਾਅਦ ਜਹਾਜ਼ ਦੇ ਇੰਜਣ ਵਿਚ ਖਰਾਬੀ ਆ ਗਈ। ਪਾਇਲਟ ਨੇ ਏਅਰ ਦਿੱਲੀ ਦੇ ਟ੍ਰੈਫਿਕ ਕੰਟਰੋਲ ਸਿਸਟਮ (ਏ.ਟੀ.ਸੀ.) ਨਾਲ ਸੰਪਰਕ ਕੀਤਾ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਕਰੀਬ 30 ਮਿੰਟ ਬਾਅਦ, ਏਟੀਸੀ ਦਿੱਲੀ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਦੇ ਦਿੱਤੀ ਅਤੇ ਰਾਤ 8:10 ਵਜੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਯਾਤਰੀਆਂ ਦੇ ਸੁੱਕੇ ਸਾਹ
ਜਹਾਜ਼ ਦਾ ਇੰਜਣ ਫੇਲ ਹੋਣ ਕਾਰਣ ਯਾਤਰੀਆਂ ਦੇ ਸਾਹ ਸੁੱਕੇ ਰਹੇ। ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਟਰਮੀਨਲ 'ਤੇ ਸੁਰੱਖਿਅਤ ਪਹੁੰਚਾਇਆ ਗਿਆ। ਫਿਰ ਉਨ੍ਹਾਂ ਨੂੰ ਦੂਜੀ ਫਲਾਈਟ ਰਾਹੀਂ ਦੇਹਰਾਦੂਨ ਭੇਜ ਦਿੱਤਾ ਗਿਆ। ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਦੀ ਜੈਪੁਰ-ਦੇਹਰਾਦੂਨ ਉਡਾਣ 6E-7468 ਦੇ ਏਟੀਆਰ ਟਰਬੋਪ੍ਰੌਪ ਏਅਰਕ੍ਰਾਫਟ (ਵੀਟੀ-ਆਈਆਰਏ) ਦੇ ਇੰਜਣ ਵਿੱਚ ਖਰਾਬੀ ਆਉਣ ਤੋਂ ਬਾਅਦ ਦਿੱਲੀ ਵੱਲ ਡਾਇਵਰਟ ਕੀਤਾ ਗਿਆ ਸੀ।