ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (DIAL) ਨੇ ਪਹਿਲੀ ਵਾਰ ਏਅਰ ਟ੍ਰੇਨ ਜਾਂ ਆਟੋਮੇਟਿਡ ਪੀਪੀ ਮਵਰ (APA) ਸਿਸਟਮ ਦੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਨਾਲ ਭਾਰਤ 'ਚ ਹਵਾਈ ਯਾਤਰਾ ਹੋਰ ਵੀ ਸੁਵਿਧਾਜਨਕ ਹੋ ਜਾਵੇਗੀ। ਅਨੁਮਾਨ ਹੈ ਕਿ ਇਹ ਪ੍ਰੋਜੈਕਟ 2027 ਤੱਕ ਸ਼ੁਰੂ ਹੋ ਸਕਦਾ ਹੈ। ਇਸ ਯੋਜਨਾ ਦੇ ਤਹਿਤ ਯਾਤਰੀਆਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵੱਖ-ਵੱਖ ਟਰਮੀਨਲਾਂ ਵਿਚਕਾਰ ਸਫਰ ਕਰਨਾ ਬਹੁਤ ਆਸਾਨ ਹੋਵੇਗਾ।
ਦਿੱਲੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਵਧਦੀ ਗਿਣਤੀ ਦੇ ਨਾਲ, ਟਰਮੀਨਲਾਂ ਵਿਚਕਾਰ ਯਾਤਰਾ ਦੀ ਜ਼ਰੂਰਤ ਵੀ ਮਹਿਸੂਸ ਕੀਤੀ ਗਈ ਸੀ। ਵਰਤਮਾਨ 'ਚ, ਯਾਤਰੀਆਂ ਨੂੰ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਪਹੁੰਚਣ ਲਈ ਡੀਟੀਸੀ ਸ਼ਟਲ ਬੱਸਾਂ ਦਾ ਸਹਾਰਾ ਲੈਣਾ ਪੈਂਦਾ ਹੈ। ਏਅਰ ਟਰੇਨ ਦੇ ਸ਼ੁਰੂ ਹੋਣ ਤੋਂ ਬਾਅਦ, ਇਹ ਸਮੇਂ ਦੀ ਬਚਤ ਦੇ ਨਾਲ-ਨਾਲ ਸੁਵਿਧਾਜਨਕ ਯਾਤਰਾ ਅਨੁਭਵ ਪ੍ਰਦਾਨ ਕਰੇਗੀ।
ਏਅਰ ਟਰੇਨ 7.7 ਕਿਲੋਮੀਟਰ ਲੰਬੇ ਰੂਟ 'ਤੇ ਚੱਲੇਗੀ ਤੇ ਇਸ ਦੇ 4 ਵੱਡੇ ਸਟਾਪ ਹੋਣਗੇ-
1. T-2/3: ਇਹ ਮੁੱਖ ਟਰਮੀਨਲ ਹੈ, ਜਿੱਥੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਆਉਂਦੀਆਂ-ਜਾਂਦੀਆਂ ਹਨ।
2. T-1: ਇਹ ਘਰੇਲੂ ਉਡਾਣਾਂ ਲਈ ਟਰਮੀਨਲ ਹੈ।
3. ਐਰੋਸਿਟੀ: ਇਹ ਇਲਾਕਾ ਹੋਟਲਾਂ ਤੇ ਹੋਰ ਸਹੂਲਤਾਂ ਨਾਲ ਭਰਪੂਰ ਹੈ, ਜੋ ਯਾਤਰੀਆਂ ਲਈ ਬਹੁਤ ਲਾਭਦਾਇਕ ਹੈ।
4. ਕਾਰਗੋ ਸਿਟੀ: ਇੱਥੇ ਵਪਾਰਕ ਗਤੀਵਿਧੀਆਂ ਅਤੇ ਕਾਰਗੋ ਸੇਵਾਵਾਂ ਉਪਲਬਧ ਹਨ।
ਇਸ ਤਰ੍ਹਾਂ, ਯਾਤਰੀ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਤੇਜ਼ੀ ਨਾਲ ਅਤੇ ਬਿਨਾਂ ਕਿਸੇ ਰੁਕਾਵਟ ਦੇ ਜਾ ਸਕਣਗੇ।
ਪ੍ਰੋਜੈਕਟ ਦੀ ਲਾਗਤ ਇੰਨੀ ਜ਼ਿਆਦਾ ਹੋ ਸਕਦੀ ਹੈ
ਇਸ ਏਅਰ ਟਰੇਨ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 2,000 ਕਰੋੜ ਰੁਪਏ ਹੋ ਸਕਦੀ ਹੈ। ਹਾਲਾਂਕਿ ਫਿਲਹਾਲ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਲਈ ਟੈਂਡਰ ਪ੍ਰਕਿਰਿਆ 'ਚ ਬੋਲੀਕਾਰ ਦੀ ਲਾਗਤ, ਮਾਲੀਆ ਵੰਡ ਅਤੇ ਵਿੱਤੀ ਸਹਾਇਤਾ ਪ੍ਰਸਤਾਵ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਟੈਂਡਰ ਪ੍ਰਕਿਰਿਆ ਦਾ ਫੈਸਲਾ ਹੋਣ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਨੂੰ 2027 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਹੈ।
ਸਰਵਿਸ ਮੁਫ਼ਤ ਹੋਣ ਦੀ ਸੰਭਾਵਨਾ
ਦਿੱਲੀ ਹਵਾਈ ਅੱਡੇ 'ਤੇ ਹਵਾਈ ਰੇਲ ਸੇਵਾਵਾਂ ਮੁਫਤ ਹੋਣ ਦੀ ਸੰਭਾਵਨਾ ਹੈ। ਕਈ ਹੋਰ ਦੇਸ਼ਾਂ 'ਚ, ਹਵਾਈ ਰੇਲ ਸੇਵਾ ਮੁਸਾਫਰਾਂ ਲਈ ਮੁਫਤ ਹੈ, ਜਿਸ ਨਾਲ ਇਹ ਸੇਵਾ ਯਾਤਰੀਆਂ ਲਈ ਹੋਰ ਵੀ ਆਕਰਸ਼ਕ ਹੋਵੇਗੀ। ਦਿੱਲੀ ਦੇ IGI ਹਵਾਈ ਅੱਡੇ 'ਤੇ ਲਗਭਗ 25 ਫੀਸਦੀ ਯਾਤਰੀਆਂ ਨੂੰ ਇਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਜਾਣਾ ਪੈਂਦਾ ਹੈ, ਇਸ ਲਈ ਇਹ ਸਹੂਲਤ ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ।