ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI ਹਵਾਈ ਅੱਡੇ) 'ਤੇ ਅੱਜ ਕਈ ਘੰਟਿਆਂ ਤੱਕ ਬਿਜਲੀ ਗੁੱਲ ਰਹੀ। ਹਵਾਈ ਅੱਡੇ 'ਤੇ ਅਚਾਨਕ ਬਿਜਲੀ ਗੁੱਲ ਹੋਣ ਕਾਰਨ ਬੋਰਡਿੰਗ ਤੇ ਚੈੱਕ-ਇਨ ਸੇਵਾਵਾਂ ਲੰਬੇ ਸਮੇਂ ਤੱਕ ਪ੍ਰਭਾਵਿਤ ਰਹੀਆਂ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੁਪਹਿਰ ਬਾਅਦ ਹੋਈ ਬਹਾਲ
ਰਿਪੋਰਟ ਮੁਤਾਬਕ ਗਰਿੱਡ ਟ੍ਰਿਪ ਹੋ ਜਾਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ। ਦੁਪਹਿਰ 2.25 ਵਜੇ ਹਵਾਈ ਅੱਡੇ 'ਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬਿਜਲੀ ਨਾ ਹੋਣ ਕਾਰਨ ਨਾ ਤਾਂ ਕੋਈ ਐਲਾਨ ਹੋ ਰਿਹਾ ਹੈ ਤੇ ਨਾ ਹੀ ਬੋਰਡਿੰਗ ਪਾਸ ਕਲੀਅਰ ਕੀਤੇ ਜਾ ਰਹੇ ਹਨ। ਸਾਰੇ ਸਿਸਟਮ ਫੇਲ ਹਨ। ਇਸ ਨਾਲ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਨਾਲ ਦਿੱਲੀ ਏਅਰਪੋਰਟ 'ਤੇ ਮੌਜੂਦ ਸਾਰੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਨਾ ਸਿਰਫ਼ ਯਾਤਰੀ ਸਗੋਂ ਏਅਰਲਾਈਨਜ਼ ਦੇ ਕਰਮਚਾਰੀ ਵੀ ਪ੍ਰੇਸ਼ਾਨ ਹਨ। ਜਿਸ ਕਾਰਨ ਫਲਾਈਟਾਂ ਦੇ ਲੈਂਡਿੰਗ ਅਤੇ ਟੇਕਆਫ ਵਿੱਚ ਦਿੱਕਤ ਆ ਰਹੀ ਹੈ।
ਯਾਤਰੀਆਂ ਨੂੰ ਰਨਵੇ 'ਤੇ ਲੈ ਕੇ ਖੜ੍ਹੀ ਰਹੀ ਫਲਾਈਟ
ਯਾਤਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਪਾਇਲਟ ਨੇ ਕਿਹਾ ਕਿ ਇੰਜਣ ਫੇਲ ਹੈ, ਬਾਅਦ ਵਿੱਚ ਕਿਹਾ ਗਿਆ ਕਿ ਫਿਊਲ ਟੈਂਕ ਫੇਲ ਹੋ ਗਿਆ ਹੈ। ਹੁਣ ਤੱਕ ਸਾਰੇ ਯਾਤਰੀ ਇਸ ਫਲਾਈਟ ਦੇ ਅੰਦਰ ਫਸੇ ਹੋਏ ਹਨ। ਦਿੱਲੀ ਏਅਰਪੋਰਟ ਟਰਮੀਨਲ 2 ਤੋਂ ਇੰਡੀਗੋ ਦੀ ਫਲਾਈਟ 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਯਾਤਰੀਆਂ ਨੂੰ ਲੈ ਕੇ ਰਨਵੇ 'ਤੇ ਖੜੀ ਰਹੀ। ਇਹ ਫਲਾਈਟ ਦਿੱਲੀ ਤੋਂ ਬਾਗਡੋਗਰਾ ਏਅਰਪੋਰਟ ਜਾ ਰਹੀ ਸੀ, ਨਾਨ-ਏਸੀ ਜਹਾਜ਼ 'ਚ ਯਾਤਰੀ ਬੈਠੇ ਸਨ। ਇਹ ਸਾਰਾ ਮਾਮਲਾ ਫਲਾਈਟ ਨੰਬਰ 6E 2521 ਦਾ ਦੱਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਨਾ ਤਾਂ ਡਿਸਪਲੇਅ ਬੋਰਡ ਕੰਮ ਕਰ ਰਹੇ ਹਨ ਅਤੇ ਨਾ ਹੀ ਐਸਕੇਲੇਟਰ ਚੱਲ ਰਹੇ ਹਨ। ਇਸ ਲਈ ਲੋਕਾਂ ਲਈ ਏਅਰਪੋਰਟ 'ਤੇ ਚੈੱਕ-ਇਨ ਕਰਨਾ, ਜਾਣਕਾਰੀ ਹਾਸਲ ਕਰਨਾ ਅਤੇ ਇੱਥੋਂ ਤੱਕ ਕਿ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ।
ਸੋਸ਼ਲ ਮੀਡੀਆ 'ਤੇ ਯਾਤਰੀਆਂ ਵੱਲੋਂ ਨਿਰਾਸ਼ਾ ਜ਼ਾਹਰ ਕਰਨ ਵਾਲੀਆਂ ਪੋਸਟਾਂ ਦੀ ਭਰਮਾਰ
ਉਥੇ ਹੀ ਸੋਸ਼ਲ ਮੀਡੀਆ 'ਤੇ ਯਾਤਰੀਆਂ ਵੱਲੋਂ ਨਿਰਾਸ਼ਾ ਜ਼ਾਹਰ ਕਰਨ ਵਾਲੀਆਂ ਪੋਸਟਾਂ ਦੀ ਭਰਮਾਰ ਸੀ। ਕਈਆਂ ਨੇ ਲੰਬੀਆਂ ਕਤਾਰਾਂ, ਏਅਰਲਾਈਨ ਸਟਾਫ ਤੋਂ ਜਾਣਕਾਰੀ ਦੀ ਘਾਟ ਅਤੇ ਪ੍ਰਭਾਵਿਤ ਹੋਈਆਂ ਉਡਾਣਾਂ ਬਾਰੇ ਚਿੰਤਾਵਾਂ ਬਾਰੇ ਸ਼ਿਕਾਇਤ ਕੀਤੀ। ਇੱਕ ਯੂਜ਼ਰ ਨੇ ਟਵੀਟ ਕੀਤਾ, IGI ਟਰਮੀਨਲ 'ਤੇ 15 ਮਿੰਟ ਤੱਕ ਪਾਵਰ ਫੇਲ ਹੋ ਗਈ। ਹਾਲਾਂਕਿ, ਬਾਅਦ 'ਚ ਟਰਮੀਨਲ 3 'ਤੇ ਬਿਜਲੀ ਬਹਾਲ ਕਰ ਦਿੱਤੀ ਗਈ ਹੈ। 4 ਘੰਟੇ ਤੋਂ ਵੱਧ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਹਵਾਈ ਅੱਡੇ ਦਾ ਕੰਮਕਾਜ ਲਗਭਗ ਠੱਪ ਹੋ ਗਿਆ ਸੀ, ਜਿਸ ਕਾਰਨ ਲੰਬੇ ਸਮੇਂ ਤੱਕ ਫਲਾਈਟਾਂ ਦੇ ਲੈਂਡਿੰਗ ਅਤੇ ਟੇਕਆਫ ਵਿੱਚ ਦਿੱਕਤ ਆਈ ਅਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 2011 'ਚ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 'ਤੇ ਕਰੀਬ ਸਾਢੇ ਚਾਰ ਘੰਟੇ ਬਿਜਲੀ ਗੁੱਲ ਰਹੀ ਸੀ। ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ ਅਤੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਤੇ ਅੱਜ ਇਕ ਵਾਰ ਫਿਰ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI ਹਵਾਈ ਅੱਡੇ) 'ਤੇ ਅੱਜ ਕਈ ਘੰਟਿਆਂ ਤੱਕ ਬਿਜਲੀ ਗੁੱਲ ਰਹੀ।