ਜਲੰਧਰ ਦੀ ਇਕ ਪ੍ਰਾਈਵੇਟ ਮੈਡੀਕਲ ਕੰਪਨੀ 'ਚ ਕੰਮ ਕਰਦੀ ਹਿਨਾ ਨੇ ਜਦੋਂ ਸ਼ੰਭੂ ਬਾਰਡਰ 'ਤੇ ਜ਼ਖਮੀ ਕਿਸਾਨਾਂ ਨੂੰ ਦੇਖਿਆ ਤਾਂ ਉਸ ਕੋਲੋਂ ਕਿਸਾਨਾਂ ਦਾ ਦਰਦ ਦੇਖਿਆ ਨਹੀਂ ਗਿਆ ਤੇ ਉਹ ਤੁਰੰਤ ਥਾਰ 'ਚ ਆਪਣੇ ਇਕ ਸਾਥੀ ਨਾਲ ਦਵਾਈਆਂ ਤੇ ਮੈਡੀਕਲ ਦਾ ਫਰਸਟ ਏਡ ਦਾ ਸਾਮਾਨ ਲੈ ਕੇ ਸ਼ੰਭੂ ਬਾਰਡਰ ਪਹੁੰਚੀ। 13 ਫਰਵਰੀ ਤੋਂ ਹਿਨਾ ਸਰਹੱਦ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਟੈਂਟ ਲਗਾ ਕੇ ਜ਼ਖ਼ਮੀ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਦਵਾਈਆਂ ਦੇ ਰਹੀ ਹੈ।
ਗੱਲਬਾਤ ਦੌਰਾਨ ਹਿਨਾ ਨੇ ਦੱਸਿਆ ਕਿ ਕਿਵੇਂ ਉਸ ਨੂੰ ਬਜ਼ੁਰਗਾਂ ਅਤੇ ਕਿਸਾਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਹਿਨਾ ਨੇ ਦੱਸਿਆ ਕਿ ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਜ਼ਖਮੀ ਹੋਏ ਬਜ਼ੁਰਗਾਂ ਨੂੰ ਦੇਖਿਆ ਤਾਂ ਸਾਂਝੇ ਗਰੁੱਪ 'ਚ ਇਕ ਸੰਦੇਸ਼ ਆਇਆ ਕਿ ਜੇਕਰ ਕਿਸੇ ਨੇ ਡਾਕਟਰੀ ਸੇਵਾਵਾਂ ਲਈ ਜਾਣਾ ਹੈ ਤਾਂ ਕਿਰਪਾ ਕਰ ਕੇ ਸਾਨੂੰ ਦੱਸੋ, ਜਿਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਅਸੀਂ ਜਲੰਧਰ ਤੋਂ ਚੱਲ ਪਏ। ਅੱਜ ਸ਼ੰਭੂ ਨੂੰ ਸਰਹੱਦ 'ਤੇ ਸੇਵਾ ਕਰਦਿਆਂ 8 ਦਿਨ ਹੋ ਗਏ ਹਨ।
ਈਮੇਲ ਰਾਹੀਂ ਪਤਾ ਲੱਗਾ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ
ਹਿਨਾ ਨੇ ਦੱਸਿਆ ਕਿ ਅੱਜ ਯਾਨੀ ਮੰਗਲਵਾਰ ਸਵੇਰੇ ਉਸ ਨੂੰ ਈਮੇਲ ਰਾਹੀਂ ਪਤਾ ਲੱਗਾ ਕਿ ਕੰਪਨੀ ਨੇ ਉਸ ਨੂੰ ਨੋਟਿਸ ਭੇਜ ਕੇ ਨੌਕਰੀ ਤੋਂ ਕੱਢ ਦਿੱਤਾ ਹੈ ਪਰ ਉਹ ਇਸ ਗੱਲ ਤੋਂ ਦੁਖੀ ਨਹੀਂ ਹੈ। ਕਿਉਂਕਿ ਅਜਿਹੀ ਸੇਵਾ ਅਤੇ ਮੌਕਾ ਦੁਬਾਰਾ ਨਹੀਂ ਮਿਲੇਗਾ। ਨੌਕਰੀ ਛੱਡਣ ਤੋਂ ਬਾਅਦ ਵੀ ਮੇਰਾ ਮਨੋਬਲ ਘੱਟ ਨਹੀਂ ਹੋਇਆ, ਸਗੋਂ ਕਿਸਾਨਾਂ ਨੂੰ ਦੇਖ ਕੇ ਹੋਰ ਵੀ ਵੱਡਾ ਹੌਸਲਾ ਹੈ, ਪਰਿਵਾਰ ਵੀ ਮੇਰਾ ਪੂਰਾ ਸਾਥ ਦੇ ਰਿਹਾ ਹੈ।
1 ਦਿਨ ਦੀ ਸੇਵਾ ਅਤੇ ਦਵਾਈ ਲੈ ਕੇ ਆਏ ਸੀ
ਹਿਨਾ ਨੇ ਦੱਸਿਆ ਕਿ ਸ਼ੰਭੂ ਬਾਰਡਰ ਉਤੇ ਉਹ ਆਪਣੇ ਦੋਸਤ ਨਵਦੀਪ ਨਾਲ ਇਕ ਦਿਨ ਲਈ ਦਵਾਈਆਂ ਲੈ ਕੇ ਆਏ ਸਨ ਪਰ ਹੁਣ ਉਸ ਨੂੰ ਇਹ ਨਹੀਂ ਪਤਾ ਕਿ ਦਵਾਈਆਂ ਕਿੱਥੋਂ ਆ ਰਹੀਆਂ ਹਨ ਅਤੇ ਉਹ ਲਗਾਤਾਰ ਸੇਵਾ ਕਰ ਰਹੀ ਹੈ। ਹੁਣ ਤੱਕ 400 ਤੋਂ ਵੱਧ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਪਹਿਲੇ ਦੋ ਦਿਨ ਬਹੁਤ ਖ਼ਤਰਨਾਕ ਅਤੇ ਡਰਾਉਣੇ ਸਨ ਕਿਉਂਕਿ ਜ਼ਖ਼ਮੀ ਉਸ ਕੋਲ ਪੱਟੀਆਂ ਅਤੇ ਦਵਾਈਆਂ ਲਈ ਲਗਾਤਾਰ ਆ ਰਹੇ ਸਨ। ਕਈ ਜ਼ਖਮੀਆਂ ਨੂੰ ਹਸਪਤਾਲ ਵੀ ਰੈਫਰ ਕੀਤਾ ਗਿਆ।