ਜਲੰਧਰ 'ਚ ਕਿਸਾਨੀ ਮੰਗਾਂ ਨੂੰ ਲੈ ਕੇ ਹਾਈਵੇ ਉਤੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਹੈ, ਅੱਜ ਵੀ ਜਲੰਧਰ-ਦਿੱਲੀ-ਜੰਮੂ ਨੈਸ਼ਨਲ ਹਾਈਵੇ ਤੀਜੇ ਦਿਨ ਵੀ ਕਿਸਾਨਾਂ ਵਲੋਂ ਬੰਦ ਕੀਤਾ ਗਿਆ। ਦੱਸ ਦੇਈਏ ਕਿ ਗੰਨੇ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਧਨੋਵਾਲੀ ਫਾਟਕ ਨੇੜੇ ਹੜਤਾਲ ’ਤੇ ਕਿਸਾਨ ਮੰਗਲਵਾਰ 21 ਨਵੰਬਰ ਤੋਂ ਧਰਨੇ ਉਤੇ ਬੈਠੇ ਹਨ। ਕਿਸਾਨਾਂ ਨੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਨਾ ਹੋਣ ਦੇ ਰੋਸ ਵਿਚ ਧਨੋਵਾਲੀ ਫਾਟਕ ਨੇੜੇ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ।
12 ਵਜੇ ਰੇਲਵੇ ਟ੍ਰੈਕ ਬੰਦ ਕਰਨ ਦੀ ਦਿੱਤੀ ਚਿਤਾਵਨੀ
ਵੀਰਵਾਰ ਸਵੇਰੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਚਿਤਾਵਨੀ ਦਿੱਤੀ ਹੈ ਕਿ 12 ਵਜੇ ਜਲੰਧਰ-ਦਿੱਲੀ ਰੇਲਵੇ ਟ੍ਰੈਕ ਨੂੰ ਬੰਦ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਦੇ ਨਾਲ ਹੀ ਕੁਝ ਕਿਸਾਨਾਂ ਵੱਲੋਂ ਰੇਲਵੇ ਟਰੈਕ ਬੰਦ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਕਸ਼ਮੀਰ ਸਿੰਘ ਰਾਜੇਵਾਲ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਤਿੰਨ ਵਾਰ ਮੀਟਿੰਗ ਤੈਅ ਕੀਤੀ ਸੀ, ਪਹਿਲਾਂ 10 ਵਜੇ, ਫਿਰ ਦੁਪਹਿਰ 12 ਵਜੇ, ਫਿਰ ਆਖਰਕਾਰ 4 ਵਜੇ ਪਰ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋ ਸਕੀ, ਜਿਸ ਕਾਰਨ ਕਿਸਾਨਾਂ ਵਿੱਚ ਇਸ ਸਬੰਧੀ ਭਾਰੀ ਰੋਸ ਹੈ।
ਰੂਟ ਡਾਇਵਰਸ਼ਨ ਸਬੰਧੀ ਟਰੈਫਿਕ ਪੁਲਸ ਵੱਲੋਂ ਜਾਰੀ ਰੂਟ ਪਲਾਨ ਅਨੁਸਾਰ ਵਾਹਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਕਿਉਂਕਿ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ ਤੇ ਇਸ ਵੇਲੇ ਭਾਰੀ ਵਾਹਨ ਸਰਵਿਸ ਰੋਡ ਅਤੇ ਹਾਈਵੇਅ ਦੇ ਵਿਚਕਾਰ ਖੜ੍ਹੇ ਹਨ, ਜਿਸ ਕਾਰਨ ਆਮ ਲੋਕ ਵੀ ਕਾਫੀ ਪ੍ਰੇਸ਼ਾਨ ਹਨ। ਹਾਈਵੇ ਜਾਮ ਕਾਰਨ ਸ਼ਹਿਰ ਵਿੱਚ ਟਰੈਫਿਕ ਦੀ ਸਥਿਤੀ ਵੀ ਮਾੜੀ ਹੋ ਗਈ ਹੈ।
CM ਮਾਨ ਦੇ ਟਵੀਟ ਦਾ ਜਵਾਬ
ਮੁੱਖ ਮੰਤਰੀ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਹਾਈਵੇ 'ਤੇ ਨਹੀਂ ਸਗੋਂ ਆਪਣੇ ਮੰਤਰੀਆਂ ਦੇ ਘਰਾਂ ਅਤੇ ਦਫਤਰਾਂ ਦੇ ਬਾਹਰ ਧਰਨਾ ਦੇਣ ਲਈ ਕਿਹਾ ਸੀ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਤਰੀਆਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਪਰ ਕੁਝ ਨਹੀਂ ਹੋਇਆ। ਇਸ ਕਾਰਨ ਹਾਈਵੇਅ ਨੂੰ ਜਾਮ ਕਰਨ ਲਈ ਮਜਬੂਰ ਹੋਣਾ ਪਿਆ। ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨਾ ਦੇਣ ਦਾ ਕੋਈ ਫਾਇਦਾ ਨਹੀਂ ਹੋਇਆ।