ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਸਖ਼ਤ ਹੁਕਮਾਂ ਦੀ ਪਾਲਣਾ ਕਰਦਿਆਂ ਟ੍ਰੈਫਿਕ ਪੁਲਸ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਭਗਵਾਨ ਵਾਲਮੀਕਿ ਚੌਕ ਵਿਖੇ ਐਤਵਾਰ ਨੂੰ ਸੰਡੇ ਮਾਰਕੀਟ ਲੱਗੀ ਤਾਂ ਜ਼ਰੂਰ ਪਰ ਪੁਲਸ ਨੇ ਜਿੰਨੀਆਂ ਵੀ ਰੇਹੜੀ-ਫੜ੍ਹੀਆਂ ਸਨ, ਉਹ ਰੋਡ ਉਤੇ ਨਹੀਂ ਲੱਗਣ ਦਿੱਤੀਆਂ।
ਸਾਰਿਆਂ ਨੂੰ ਰੇਹੜੀ-ਫੜ੍ਹੀਆਂ ਫੁੱਟਪਾਥ 'ਤੇ ਲਗਾਉਣ ਲਈ ਕਿਹਾ ਗਿਆ ਤਾਂ ਜੋ ਆਵਾਜਾਈ ਵਿਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਵੇ। ਇਸ ਦੇ ਨਾਲ ਹੀ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਰੱਖਿਆ ਹੋਇਆ ਸੀ, ਉਨ੍ਹਾਂ ਦਾ ਸਾਮਾਨ ਅੰਦਰ ਰੱਖਵਾਇਆ। ਇਸ ਦੌਰਾਨ ਕੁਝ ਲੋਕਾਂ ਨੇ ਪਹਿਲਾਂ ਵਿਰੋਧ ਕੀਤਾ ਅਤੇ ਬਾਅਦ ਵਿੱਚ ਆਪਣੇ ਆਪ ਸਾਮਾਨ ਅੰਦਰ ਰੱਖ ਦਿੱਤਾ।
ਸੰਡੇ ਮਾਰਕੀਟ ਲਈ ਲੋਕਾਂ ਨੂੰ ਥਾਂ ਦੇਣ ਲਈ ਤਿਆਰੀਆਂ ਸ਼ੁਰੂ
ਐਤਵਾਰ ਵਾਲੇ ਦਿਨ ਸ਼ਹਿਰ 'ਚ ਲੱਗਦੇ ਸੰਡੇ ਬਾਜ਼ਾਰ 'ਚ ਲੋਕ ਦੂਰ-ਦੂਰ ਤੋਂ ਖਰੀਦਦਾਰੀ ਕਰਨ ਆਉਂਦੇ ਹਨ। ਸੰਡੇ ਮਾਰਕੀਟ ਦੇ ਸੈਂਕੜੇ ਰੇਹੜੀ-ਫੜ੍ਹੀ ਵਾਲਿਆਂ ਨੂੰ ਭਾਰੀ ਆਮਦਨ ਹੁੰਦੀ ਹੈ, ਜਿਸ ਕਾਰਨ ਹਰ ਕੋਈ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਹੈ।
ਪ੍ਰਸ਼ਾਸਨ ਉਨ੍ਹਾਂ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਲਈ ਥਾਂ ਦੇਣ ਦੀ ਤਿਆਰੀ ਕਰ ਰਿਹਾ ਹੈ, ਜਿਸ ਲਈ ਸਾਈਟ ਵੀ ਨਿਰਧਾਰਿਤ ਕਰ ਲਈ ਗਈ ਹੈ ਅਤੇ ਵਿਉਂਤਬੰਦੀ ਵੀ ਸ਼ੁਰੂ ਕਰ ਦਿੱਤੀ ਹੈ। ਸਟ੍ਰੀਟ ਵਿਕਰੇਤਾਵਾਂ ਨੂੰ ਸਿਰਫ ਸਟ੍ਰੀਟ ਵੇਡਿੰਗ ਜ਼ੋਨ ਨੀਤੀ ਦੇ ਤਹਿਤ ਜਗ੍ਹਾ ਦਿੱਤੀ ਜਾਵੇਗੀ।
ਸਾਰਿਆਂ ਨੂੰ ਨਹੀਂ ਮਿਲੇਗੀ ਸਟ੍ਰੀਟ ਵੇਡਿੰਗ ਜ਼ੋਨ ਵਿੱਚ ਥਾਂ
ਭਗਵਾਨ ਵਾਲਮੀਕਿ ਚੌਂਕ ਅਤੇ ਰੈਣਕ ਬਜ਼ਾਰ ਦੇ ਆਲੇ-ਦੁਆਲੇ ਸਟਰੀਟ ਵੈਂਡਰਾਂ ਅਤੇ ਰੇਹੜੀਆਂ ਵਾਲਿਆਂ ਦੀ ਗਿਣਤੀ 200 ਤੋਂ ਵੱਧ ਹੈ। ਹਰ ਕੋਈ ਸਟ੍ਰੀਟ ਵੇਡਿੰਗ ਜ਼ੋਨ ਪਾਲਿਸੀ ਦੇ ਤਹਿਤ ਜਗ੍ਹਾ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ। ਇਸ ਨੀਤੀ ਤਹਿਤ ਕਿਸ ਨੂੰ ਥਾਂ ਦਿੱਤੀ ਜਾਵੇਗੀ ਅਤੇ ਇਸ ਦੇ ਕੀ ਪ੍ਰਬੰਧ ਹੋਣਗੇ? ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਵਲੋਂ ਡਰਾਅ ਪ੍ਰਕਿਰਿਆ ਅਤੇ ਅਜਿਹੀ ਯੋਜਨਾ ਲਿਆਉਣੀ ਚਾਹੀਦੀ ਹੈ ਕਿ ਹਰ ਕੋਈ ਵਪਾਰ ਕਰ ਸਕੇ। ਮਾਹਿਰਾਂ ਨੇ ਦੱਸਿਆ ਕਿ ਸਟ੍ਰੀਟ ਵੇਡਿੰਗ ਜ਼ੋਨ ਵਿੱਚ ਸਿਰਫ਼ 30 ਦੇ ਕਰੀਬ ਸਟਰੀਟ ਵੈਂਡਰਾਂ ਨੂੰ ਹੀ ਜਗ੍ਹਾ ਦਿੱਤੀ ਜਾਵੇਗੀ, ਜਿਸ ਕਾਰਨ ਰੇਹੜੀ-ਫੜ੍ਹੀ ਵਾਲਿਆਂ ਵਿੱਚ ਭਾਰੀ ਰੋਸ ਹੈ।