ਜਲੰਧਰ ਦੇ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਦੋ ਲੁਟੇਰਿਆਂ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਜਲੰਧਰ ਦੇਹਾਤ ਪੁਲਸ ਦੇ ਐਸਐਸਪੀ ਅੰਕੁਰ ਗੁਪਤਾ ਨੇ ਇਸ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਐਸਐਸਪੀ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਨੇ ਡਲਿਵਰੀ ਬੁਆਏਜ਼ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਗੁੱਸੇ 'ਚ ਆ ਕੇ ਦੋਸ਼ੀਆਂ ਨੇ ਕਤਲ ਕਰ ਦਿੱਤਾ।
ਜਿਸ ਤੋਂ ਬਾਅਦ ਦੋਸ਼ੀਆਂ ਨੇ ਆਪਣੇ ਵਟਸਐਪ ਗਰੁੱਪ 'ਚ ਇਕ ਮੈਸੇਜ ਪਾ ਕੇ ਦੱਸਿਆ ਕਿ ਉਨ੍ਹਾਂ ਦਾ ਇਕ ਦੋਸਤ ਲੁੱਟਿਆ ਗਿਆ ਹੈ। ਲੁੱਟ ਦੀ ਵਾਰਦਾਤ ਦਾ ਪਤਾ ਲੱਗਦਿਆਂ ਹੀ ਸਾਰਿਆਂ ਨੇ ਆਪਣਾ ਕੰਮ ਬੰਦ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਮੁਲਜ਼ਮ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਬਿਧੀਪੁਰ ਫਾਟਕ ’ਤੇ ਪੁੱਜੇ ਅਤੇ ਉੱਥੇ ਲੈ ਕੇ ਜਾ ਕੇ ਤਿੰਨਾਂ ਨੇ ਮਿਲ ਕੇ 2 ਲੁਟੇਰਿਆਂ ਦਾ ਕਤਲ ਕਰ ਦਿੱਤਾ।
ਵਾਰਦਾਤ ਵਾਲੀ ਥਾਂ ਤੋਂ ਬਰਾਮਦ ਹੋਈ ਐਕਟਿਵਾ ਲੁੱਟੀ ਗਈ ਸੀ
ਮੁਲਜ਼ਮਾਂ ਨੇ ਸੜਕ ਕਿਨਾਰੇ ਪਈਆਂ ਇੱਟਾਂ ਨਾਲ ਵਾਰ ਕਰਕੇ ਕਤਲ ਨੂੰ ਅੰਜਾਮ ਦਿੱਤਾ, ਜਿਸ ਨੂੰ ਪੁਲਸ ਨੇ ਕੇਸ ਸਬੂਤ ਵਜੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਪੁਨੀਤ ਵਾਸੀ ਅਜੀਤ ਨਗਰ, ਰੋਹਿਤ ਕੁਮਾਰ ਉਰਫ਼ ਕਾਈ ਵਾਸੀ ਬਸਤੀ ਗੁੱਜਾ ਦਿਲਬਾਗ ਨਗਰ, ਮਗਨਦੀਪ ਵਾਸੀ ਭਾਰਗਵ ਕੈਂਪ ਅਤੇ ਸ਼ੁਭਮ ਸਤਿਆਵਾਨ ਉਰਫ਼ ਨੇਪਾਲੀ ਵਾਸੀ ਨਿਊ ਦਸਮੇਸ਼ ਨਗਰ ਸ਼ਾਮਲ ਹਨ।
ਨਾਲ ਹੀ ਐਸਐਸਪੀ ਨੇ ਦੱਸਿਆ ਕਿ ਜੋ ਐਕਟਿਵਾ ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਬਰਾਮਦ ਕੀਤੀ ਹੈ, ਉਕਤ ਐਕਟਿਵਾ ਨੂੰ ਗੁਲਾਬ ਦੇਵੀ ਰੋਡ ਨੇੜੇ ਲੁਟੇਰਿਆਂ ਨੇ ਲੁੱਟਿਆ ਸੀ। ਫਿਲਹਾਲ ਫਰਾਰ ਤਿੰਨ ਦੋਸ਼ੀਆਂ ਦੀ ਭਾਲ ਜਾਰੀ ਹੈ, ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਤਲ ਕਰਨ ਵਾਲੇ ਮੁਲਜ਼ਮ ਡਿਲੀਵਰੀ ਲੜਕਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ
ਦੋਵੇਂ ਕਤਲ ਕੀਤੇ ਗਏ ਮੁਲਜ਼ਮ ਹਰ ਰਾਤ ਡਿਲੀਵਰੀ ਲੜਕਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਤੋਂ ਨਕਦੀ ਅਤੇ ਫੋਨ ਲੁੱਟਦੇ ਸਨ। ਜਦੋਂ 26 ਮਈ ਨੂੰ ਇੱਕ ਜ਼ੋਮੈਟੋ ਡਿਲੀਵਰੀ ਬੁਆਏ ਨੂੰ ਲੁੱਟਿਆ ਗਿਆ ਸੀ, ਹਰ ਕੋਈ ਦੋਸ਼ੀਆਂ ਦੀ ਭਾਲ ਵਿੱਚ ਰੁੱਝਿਆ ਹੋਇਆ ਸੀ। 26 ਮਈ ਦੀ ਰਾਤ ਨੂੰ ਉਨ੍ਹਾਂ ਨੇ ਡੀਏਵੀ ਫਲਾਈਓਵਰ ਨੇੜੇ ਸ਼ਿਵਾ ਅਤੇ ਉਸ ਦੇ ਸਾਥੀ ਬੱਬਲ ਨੂੰ ਦੇਖਿਆ ਅਤੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਦੋਵੇਂ ਮੁਲਜ਼ਮਾਂ ਨੂੰ ਬਿਧੀਪੁਰ ਨੇੜੇ ਘੇਰ ਕੇ ਕੁੱਟਿਆ ਗਿਆ। ਕੁੱਟਮਾਰ ਦੌਰਾਨ ਦੋਵੇਂ ਮੁਲਜ਼ਮ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜਲਦ ਹੀ ਪੁਲਿਸ ਚਾਰਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਤਾਂ ਜੋ ਬਾਕੀ ਫਰਾਰ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਜਾ ਸਕੇ।
ਇਸ ਤਰ੍ਹਾਂ ਕੀਤਾ ਕਾਬੂ
ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਇਸ ਅੰਨ੍ਹੇ ਕਤਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਹਾਈਵੇਅ 'ਤੇ ਕਈ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ, ਪਰ ਕੁਝ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੇ ਬਿਧੀਪੁਰ ਰੇਲਵੇ ਕਰਾਸਿੰਗ ਦੇ ਆਲੇ ਦੁਆਲੇ ਲੱਗੇ ਮੋਬਾਈਲ ਡੰਪ ਨੂੰ ਕੱਢਵਾਇਆ। ਜਿਸ ਕਾਰਨ ਉਕਤ ਦੋਸ਼ੀਆਂ ਦੀ ਲੋਕੇਸ਼ਨ ਵਾਰਦਾਤ ਵਾਲੀ ਥਾਂ ਦੇ ਨੇੜੇ ਹੀ ਮਿਲੀ। ਉਕਤ ਜਾਂਚ ਤੋਂ ਬਾਅਦ ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।