ਜਲੰਧਰ ਦੇ ਮਾਡਲ ਟਾਊਨ 'ਚ ਇਕ 17 ਸਾਲਾ ਲੜਕੇ ਨੇ ਆਪਣੀ ਮਾਂ ਵੱਲੋਂ ਪਬ ਜੀ ਖੇਡਣ ਤੋਂ ਮਨ੍ਹਾ ਕਰਨ 'ਤੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ ਜੋ 12ਵੀਂ ਜਮਾਤ ਵਿੱਚ ਪੜ੍ਹਦਾ ਸੀ। ਬੇਟੇ ਦੇ ਇਸ ਖੌਫਨਾਕ ਕਦਮ ਨਾਲ ਪੂਰਾ ਪਰਿਵਾਰ ਡੂੰਘੇ ਸਦਮੇ ਵਿਚ ਹੈ।
ਮਾਂ ਨੇ ਗੇਮ ਖੇਡਣ ਤੋਂ ਕੀਤਾ ਸੀ ਮਨ੍ਹਾ
ਲੜਕੇ ਦੇ ਪਿਤਾ ਰਾਮਚੰਦਰ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੀਨੀਅਰ ਲਾਈਨ ਮੈਨ ਅਫਸਰ ਹੈ। ਉਸ ਦਾ ਲੜਕਾ ਆਪਣੇ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ ਅਤੇ ਉਸ ਦੀ ਪਤਨੀ ਨੇ ਉਸ ਨੂੰ ਝਿੜਕਿਆ ਅਤੇ ਮੋਬਾਇਲ ਇਕ ਪਾਸੇ ਰੱਖਣ ਲਈ ਕਿਹਾ। ਇਸ ਤੋਂ ਬੇਟਾ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਆਪਣੇ ਕਮਰੇ 'ਚ ਜਾ ਕੇ ਫਾਹਾ ਲੈ ਲਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਪਿਛਲੇ ਕਈ ਦਿਨਾਂ ਤੋਂ ਸੀ ਬੀਮਾਰ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਸਾਹਿਲ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸੀ। ਸਕੂਲ ਦੀਆਂ ਛੁੱਟੀਆਂ ਹੋਣ 'ਤੇ ਵੀ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਮੋਬਾਇਲ 'ਤੇ ਗੇਮਾਂ ਖੇਡ ਕੇ ਬਤੀਤ ਕਰਦਾ ਸੀ। ਇਸ ਕਾਰਨ ਮਾਂ ਨੇ ਬੀਤੀ ਰਾਤ ਬੱਚੇ ਨੂੰ ਝਿੜਕਿਆ ਅਤੇ ਉਸ ਨੇ ਕਮਰੇ ਵਿੱਚ ਜਾ ਕੇ ਫਾਹਾ ਲੈ ਲਿਆ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।