ਭਾਰਤੀ ਕ੍ਰਿਕਟਰ ਜਸਪ੍ਰੀਤ ਬੁਮਰਾਹ ਨਵਾਂ ਰਿਕਾਰਡ ਕਾਇਮ ਕਰਦੇ ਹੋਏ ICC ਪੁਰਸ਼ ਟੈਸਟ ਗੇਂਦਬਾਜ਼ ਰੈਂਕਿੰਗ ਵਿਚ ਨੰਬਰ 1 ਟੈਸਟ ਗੇਂਦਬਾਜ਼ ਬਣ ਗਏ ਹਨ। ਭਾਰਤੀ ਇਤਿਹਾਸ ਵਿਚ ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ ਚੋਟੀ ਦੇ ਸਥਾਨ 'ਤੇ ਪਹੁੰਚਣ ਵਾਲਾ ਭਾਰਤ ਦਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ ਹੈ।
ਬੁਮਰਾਹ ਨੇ ਆਪਣੇ ਸਾਥੀ ਰਵੀਚੰਦਰਨ ਅਸ਼ਵਿਨ ਨੂੰ ਪਛਾੜ ਦਿੱਤਾ ਜੋ ਦੋ ਸਥਾਨ ਹੇਠਾਂ ਆ ਕੇ ਦਰਜਾਬੰਦੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੰਗਿਸੋ ਰਬਾਡਾ ਦੂਜੇ ਸਥਾਨ 'ਤੇ ਹਨ।
881 ਅੰਕਾਂ ਨਾਲ ਨੰਬਰ 1 ਰੈਂਕਿੰਗ 'ਤੇ
ਬੁਮਰਾਹ 825 ਅੰਕਾਂ ਦੇ ਨਾਲ ਰੈਂਕਿੰਗ ਦੇ ਆਖਰੀ ਦੌਰ 'ਚ ਚੌਥੇ ਸਥਾਨ 'ਤੇ ਸੀ ਪਰ ਵਿਸ਼ਾਖਾਪਟਨਮ 'ਚ ਭਾਰਤ-ਇੰਗਲੈਂਡ ਦੇ ਦੂਜੇ ਟੈਸਟ 'ਚ ਮੈਚ ਜੇਤੂ ਗੇਂਦਬਾਜ਼ੀ ਤੋਂ ਬਾਅਦ ਉਹ ਨੰਬਰ 1 ਰੈਂਕ 'ਤੇ ਪਹੁੰਚ ਗਿਆ ਹੈ। ਉਸ ਦੇ ਹੁਣ 881 ਅੰਕ ਹਨ ਜੋ ਉਸ ਲਈ ਰਿਕਾਰਡ ਹੈ।
ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਅਸ਼ਵਿਨ, ਰਵਿੰਦਰ ਜਡੇਜਾ ਅਤੇ ਬਿਸ਼ਨ ਬੇਦੀ ਤੋਂ ਬਾਅਦ ਨੰਬਰ 1 ਰੈਂਕਿੰਗ ਦਾ ਦਾਅਵਾ ਕਰਨ ਵਾਲਾ ਭਾਰਤ ਦਾ ਚੌਥਾ ਗੇਂਦਬਾਜ਼ ਹੈ। ਹੁਣ ਤੱਕ 853 ਅੰਕਾਂ ਨਾਲ ਅਗਵਾਈ ਕਰਨ ਵਾਲੇ ਅਸ਼ਵਿਨ ਨੇ ਇੰਗਲੈਂਡ ਖਿਲਾਫ ਦੋ ਟੈਸਟ ਮੈਚਾਂ 'ਚ 9 ਵਿਕਟਾਂ ਲਈਆਂ ਹਨ।