ਕਰਨਾਟਕ ਦੇ ਹਵਾਈ ਅੱਡੇ 'ਤੇ ਬੰਬ ਦੀ ਧਮਕੀ ਮਿਲੀ ਹੈ। ਕਲਬੁਰਗੀ ਹਵਾਈ ਅੱਡੇ ਨੂੰ ਈਮੇਲ ਧਮਕੀ ਰਾਹੀਂ ਭੇਜੀ ਗਈ ਹੈ। ਜਿਸ ਤੋਂ ਬਾਅਦ ਏਅਰਪੋਰਟ ਡਾਇਰੈਕਟਰ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਮੌਕੇ 'ਤੇ ਪੁਲਿਸ ਅਤੇ ਬੰਬ ਸਕੁਐਡ ਹਵਾਈ ਅੱਡਾ 'ਤੇ ਪਹੁੰਚੇ ਤੇ ਚੈਕਿੰਗ ਕੀਤੀ। ਡੌਗ ਸਕੁਐਡ ਨੂੰ ਵੀ ਮੌਕੇ 'ਤੇ ਬੁਲਾ ਕੇ ਜਾਂਚ ਕੀਤੀ ਗਈ ਪਰ ਹਵਾਈ ਅੱਡੇ 'ਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
ਕਲਬੁਰਗੀ ਪੁਲਿਸ ਨੇ ਦੱਸਿਆ ਕਿ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਅੱਜ ਸਵੇਰੇ ਇੱਕ ਅਣਪਛਾਤੀ ਆਈਡੀ ਤੋਂ ਇੱਕ ਈਮੇਲ ਮਿਲੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਵਾਈ ਅੱਡੇ ਦੇ ਪਰਿਸਰ ਵਿੱਚ ਬੰਬ ਰੱਖਿਆ ਗਿਆ ਹੈ। ਹਵਾਈ ਅੱਡੇ 'ਤੇ ਬੰਬ ਦੀ ਧਮਕੀ ਵਾਲੀ ਈਮੇਲ ਦੀ ਸੂਚਨਾ ਮਿਲਣ ਤੋਂ ਬਾਅਦ, ਅਸੀਂ ਬੰਬ ਸਕੁਐਡ ਨੂੰ ਭੇਜਿਆ ਤੇ ਜਹਾਜ਼ 'ਚ ਸਵਾਰ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਹਵਾਈ ਅੱਡੇ ਦੇ ਸਾਰੇ ਕਰਮਚਾਰੀਆਂ ਅਤੇ ਯਾਤਰੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।
13 ਸਾਲ ਦੇ ਬੱਚੇ ਨੇ ਭੇਜੀ ਸੀ ਫਲਾਇਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਏਅਰਪੋਰਟ 'ਤੇ ਬੰਬ ਦੀ ਧਮਕੀ ਵਾਲੀ ਮੇਲ ਭੇਜਣ ਦੇ ਦੋਸ਼ 'ਚ ਐਤਵਾਰ ਨੂੰ 13 ਸਾਲਾ ਲੜਕੇ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ ਬਾਰੇ ਪੁਲਿਸ ਦੀ ਡਿਪਟੀ ਕਮਿਸ਼ਨਰ (ਆਈਜੀਆਈ ਏਅਰਪੋਰਟ) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਮਨੋਰੰਜਨ ਲਈ ਬੱਚੇ ਨੇ ਇਹ ਮੇਲ ਭੇਜੀ ਸੀ।
41 ਹਵਾਈ ਅੱਡਿਆਂ ਨੂੰ ਮਿਲੀ ਸੀ ਬੰਬ ਦੀ ਧਮਕੀ
19 ਜੂਨ ਨੂੰ 41 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਇਲਾਵਾ ਚੇਨਈ, ਪਟਨਾ ਅਤੇ ਜੈਪੁਰ ਸਮੇਤ 41 ਹਵਾਈ ਅੱਡਿਆਂ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਆਏ ਸਨ, ਜਿਸ ਤੋਂ ਬਾਅਦ ਪੁਲਿਸ ਅਤੇ ਬੰਬ ਸਕੁਐਡ ਨੇ ਹਵਾਈ ਅੱਡੇ 'ਤੇ ਪਹੁੰਚ ਕੇ ਚੈਕਿੰਗ ਕੀਤੀ। ਪਰ ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਸਾਰੀਆਂ ਈ-ਮੇਲ ਗਲਤ ਸਨ।