ਜਲੰਧਰ 'ਚ ਨਕੋਦਰ ਰੋਡ ਬਾਈਪਾਸ ਨੇੜੇ ਪ੍ਰਾਈਵੇਟ ਬੱਸ ਡਰਾਈਵਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ | ਸੜਕ ਪਾਰ ਕਰਦੇ ਸਮੇਂ ਬਜ਼ੁਰਗ ਔਰਤ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਘਟਨਾ ਦੌਰਾਨ ਬੱਸ ਖੜ੍ਹੀ ਸੀ ਤੇ ਸਵਾਰੀਆਂ ਬੱਸ ਵਿੱਚੋਂ ਉਤਰ ਰਹੀਆਂ ਸਨ। ਜਿਵੇਂ ਹੀ ਬਜ਼ੁਰਗ ਮਹਿਲਾ ਬੱਸ ਦੇ ਅੱਗਿਓ ਸੜਕ ਪਾਰ ਕਰਨ ਲੱਗੀ ਤਾਂ ਡਰਾਈਵਰ ਨੇ ਬੱਸ ਚਲਾ ਲਈ ਤੇ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਔਰਤ ਦੀ ਮੌਤ ਹੋ ਗਈ।
ਮੌਕੇ 'ਤੇ ਹੋਈ ਮੌਤ
ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਬੱਸ ਚਾਲਕ ਨੇ ਬੱਸ ਨੂੰ ਕੁਝ ਦੂਰੀ 'ਤੇ ਰੋਕ ਲਿਆ। ਜਿਸ ਤੋਂ ਬਾਅਦ ਸਵਾਰੀਆਂ ਤੁਰੰਤ ਬੱਸ ਤੋਂ ਉਤਰ ਕੇ ਔਰਤ ਨੂੰ ਚੁੱਕਣ ਲਈ ਭੱਜੀਆਂ ਪਰ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਹੈ।
ਬੱਸ ਡਰਾਈਵਰ ਮੌਕੇ 'ਤੇ ਫ਼ਰਾਰ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੀਬੀ 08 ਬੀਜ਼ੈਡ 4151 ਦੀ ਬੱਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਨਕੋਦਰ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਹੈ। ਡਰਾਈਵਰ ਦੀ ਭਾਲ ਜਾਰੀ ਹੈ।